ਜਗਰਾਉਂ, 4 ਜੂਨ (ਹਰਵਿੰਦਰ ਸਿੰਘ ਖ਼ਾਲਸਾ)-ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਜੂਨ 1984 ਘੱਲੂਘਾਰੇ ਦੇ ਸ਼ਹੀਦੀ ਸਮਾਗਮ ਸਬੰਧੀ ਸਿਰਜੇ ਜਾ ਰਹੇ ਮਾਹੌਲ ਨੂੰ ਪੀੜਾ ਭਰਿਆ ਅਤੇ ਕੌਮ ਦੇ ਹਿੱਤਾਂ ਦੇ ਵੱਡੇ ਨੁਕਸਾਨ ਹੋਣ ਵਾਲਾ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਨਾਨਕਸਰ ਸੰਪਰਦਾਇ ਦੇ ਮਹਾਂਪੁਰਖ ਸੰਤ ਬਾਬਾ ਘਾਲਾ ਸਿੰਘ ਨਾਨਕਸਰ ਵਾਲਿਆਂ ਨੇ ਇਕ ਲਿਖਤੀ ਬਿਆਨ ਰਾਹੀਂ ਕੀਤਾ | ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖਾਂ ਦਾ ਸਰਬ ਉੱਚ ਤਖ਼ਤ ਹੈ ਅਤੇ ਇੱਥੋਂ ਦੇ ਜਥੇਦਾਰ ਸਿੱਖ ਕੌਮ ਦੇ ਆਗੂ ਹਨ, ਜਿਨ੍ਹਾਂ ਤੋਂ ਸਮੇਂ-ਸਮੇਂ ਕੌਮ ਸੇਧ ਲੈਂਦੀ ਹੈ | ਉਨ੍ਹਾਂ ਕਿਹਾ ਕਿ ਘੱਲੂਘਾਰੇ ਦੇ ਸਮਾਗਮ ਕੌਮੀ ਇਕਜੁੱਟਤਾ ਨਾਲ ਮਨਾ ਕੇ ਸ਼ਹੀਦ ਸਿੰਘਾਂ ਨੂੰ ਸਤਿਕਾਰ ਭੇਟ ਕਰਨਾ ਚਾਹੀਦਾ ਹੈ, ਨਾ ਕਿ ਆਪਸੀ ਟਕਰਾਅ ਵਾਲੀ ਸਥਿਤੀ ਬਣਾਉਣੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਪੰਥ ਦੀਆਂ ਸਾਰੀਆਂ ਸ਼ਖ਼ਸੀਅਤਾਂ ਸਤਿਕਾਰਯੋਗ ਹਨ ਅਤੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪਦਵੀਂ ਦਾ ਸਤਿਕਾਰ ਕਾਇਮ ਰੱਖਣਾ ਹਰ ਸਿੱਖ ਦਾ ਫ਼ਰਜ਼ ਹੈ | ਜੂਨ 1984 ਦਾ ਸ਼ਹੀਦੀ ਹਫ਼ਤਾ ਸਿੱਖਾਂ ਲਈ ਬਹੁਤ ਹੀ ਭਾਵੁਕ ਭਰਿਆ ਹੈ | ਅਜਿਹੇ ਸਮੇਂ 'ਤੇ ਆਪਸੀ ਟਕਰਾ ਕਰਨਾ ਕਿਸੇ ਵੀ ਪੱਖੋਂ ਕੌਮ ਦੀ ਭਲਾਈ ਵਿਚ ਨਹੀਂ ਹੈ | ਬਲਕਿ ਇਸ ਨਾਲ ਪੰਥ ਵਿਰੋਧੀ ਸ਼ਕਤੀਆਂ ਨੂੰ ਸ਼ਰਾਰਤ ਕਰਨ ਦਾ ਮੌਕਾ ਮਿਲੇਗਾ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਮਦਮੀ ਟਕਸਾਲ ਨੂੰ ਮਿਲ ਬੈਠ ਕੇ ਵਡੇਰੇ ਪੰਥਕ ਹਿੱਤਾਂ ਲਈ ਘੱਲੂਘਾਰੇ ਦੇ ਸ਼ਹੀਦੀ ਸਮਾਗਮਾਂ ਨੂੰ ਪੂਰਨ ਸ਼ਾਂਤਮਈ ਢੰਗ ਅਤੇ ਇਕਜੁੱਟਤਾ ਨਾਲ ਮਨਾਉਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਘੱਲੂਘਾਰਾ ਸਮਾਗਮ ਦੌਰਾਨ ਸਿੱਖ ਕੌਮ ਦੇ ਨਾਮ ਸੰਦੇਸ਼ ਜਾਰੀ ਕਰਦੇ ਆ ਰਹੇ ਹਨ | ਇਸ ਮੌਕੇ ਸੰਤ ਬਾਬਾ ਅਰਵਿੰਦਰ ਸਿੰਘ ਨਾਨਕਸਰ, ਬਾਬਾ ਸ਼ੁੱਧ ਸਿੰਘ ਟੂਸਿਆਂ ਵਾਲੇ, ਬਾਬਾ ਗੁਰਚਰਨ ਸਿੰਘ ਦਿੱਲੀ, ਬਾਬਾ ਰਮਨਦੀਪ ਸਿੰਘ ਮੰਡੀਰਾਂ, ਬਾਬਾ ਇੰਦਰਜੀਤ ਸਿੰਘ ਅਮਰੀਕਾ, ਬਾਬਾ ਮੇਹਰ ਸਿੰਘ ਨਾਨਕਸਰ ਵਾਲਿਆਂ ਨੇ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਯਾਦਾ ਨੂੰ ਲੈ ਕੇ ਸੰਤ ਬਾਬਾ ਘਾਲਾ ਸਿੰਘ ਨਾਨਕਸਰ ਵਾਲਿਆਂ ਵਲੋਂ ਦਿੱਤੇ ਵਿਚਾਰਾਂ ਦੀ ਹਮਾਇਤ ਕੀਤੀ |