ਸਿੱਧਵਾਂ ਬੇਟ, 4 ਸਤੰਬਰ (ਜਸਵੰਤ ਸਿੰਘ ਸਲੇਮਪੁਰੀ)-ਬਲਾਕ ਦਫ਼ਤਰ ਸਿੱਧਵਾਂ ਬੇਟ ਦੇ ਦਫ਼ਤਰ ਸਾਹਮਣੇ 2 ਸਤੰਬਰ ਨੂੰ ਇਲਾਕੇ ਦੇ ਕਈ ਸਰਪੰਚਾਂ ਤੇ ਬਰਸਾਤ ਤੋਂ ਪੀੜਤ ਲੋਕਾਂ ਨੇ ਕਾਮ: ਬਲਜੀਤ ਸਿੰਘ ਗੋਰਸੀਆਂ ਦੀ ਅਗਵਾਈ ਹੇਠ ਧਰਨਾ ਦਿੱਤਾ ਤਾਂ ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਸਿੱਧੇ ਤੌਰ 'ਤੇ ਦਫ਼ਤਰ ਦੇ ਕਰਮਚਾਰੀਆਂ 'ਤੇ ਹਾਕਮ ਧਿਰ ਦੇ ਲੋਕਾਂ ਨੂੰ ਹੀ ਸਿਰਫ਼ ਤਰਪਾਲਾਂ ਦੇਣ ਦੇ ਦੋਸ਼ ਲਗਾਏ | ਉਨ੍ਹਾਂ ਪੰਜਾਬੀ ਦੀ ਇਕ ਕਹਾਵਤ 'ਕਿ ਅੰਨ੍ਹਾਂ ਵੰਡੇ ਰਿਉੜੀਆਂ, ਮੁੜ-ਮੁੜ ਆਪਣਿਆਂ ਨੂੰ ' ਅਨੁਸਾਰ ਆਖਿਆ ਕਿ ਗਰੀਬ ਲੋਕਾਂ ਨੂੰ ਤਾਂ ਤਰਪਾਲਾਂ ਮਿਲ ਹੀ ਨਹੀਂ ਰਹੀਆਂ, ਪਰ ਬੀਤੇ ਦਿਨ ਹਲਕਾ ਇੰਚਾਰਜ ਡਾ. ਕੇ. ਐੱਨ. ਐੱਸ. ਕੰਗ ਵੀ ਆਪਣੀ ਟੀਮ ਨੂੰ ਲੈ ਕੇ ਦਫ਼ਤਰ ਪੁੱਜ ਗਏ ਅਤੇ ਉਨ੍ਹਾਂ ਨੇ ਲਾਈਵ ਹੋ ਕੇ ਮੌਕੇ 'ਤੇ ਹਾਜ਼ਰ ਬੀ. ਡੀ. ਪੀ. ਓ. ਗੁਰਵਿੰਦਰ ਕੌਰ ਦੀ ਚੰਗੀ ਕਲਾਸ ਲਗਾਉਂਦੇ ਹੋਏ ਉਨ੍ਹਾਂ ਵਲੋਂ ਵੰਡੀਆਂ ਤਰਪਾਲਾਂ ਦਾ ਹਿਸਾਬ ਮੰਗਣਾ ਸ਼ੁਰੂ ਕਰ ਦਿੱਤਾ | ਉਨ੍ਹਾਂ ਆਖਿਆ ਕਿ ਤਰਪਾਲਾਂ ਆਖਰ ਕਿੱਧਰ ਚਲੀਆਂ ਗਈਆਂ | ਭਾਵੇਂ ਉਸ ਸਮੇਂ ਬੀ. ਡੀ. ਪੀ. ਓ. ਮੈਡਮ ਨੂੰ ਸੰਜਮ ਤੋਂ ਕੰਮ ਲੈਂਦੇ ਹੋਏ ਕੁਝ ਬੋਲਣ ਤੋਂ ਗੁਰੇਜ਼ ਕੀਤਾ, ਪਰ ਅੱਜ ਜਦੋਂ ਪੱਤਰਕਾਰਾਂ ਦੀ ਟੀਮ ਦਫ਼ਤਰ 'ਤੇ ਲਗਾਏ ਜਾ ਰਹੇ ਤਰਪਾਲ ਘੁਟਾਲੇ ਸੰਬੰਧੀ ਜਾਣਕਾਰੀ ਲੈਣ ਪੁੱਜੀ ਤਾਂ ਪਹਿਲਾਂ ਮੈਡਮ ਨੇ ਆਖਿਆ ਕਿ ਅਸੀਂ ਤਰਪਾਲਾਂ ਵੰਡਣ ਦੀ ਸਾਰੀ ਸੂਚੀ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਭੇਜ ਰਹੇ ਹਾਂ, ਪਰ ਬਾਅਦ 'ਚ ਉਨ੍ਹਾਂ ਆਪਣੇ ਦਫ਼ਤਰ 'ਤੇ ਲਗਾਏ ਗਏ ਦੋਸ਼ਾਂ ਨੂੰ ਸਿੱਧੇ ਤੌਰ 'ਤੇ ਨਕਾਰਦੇ ਹੋਏ ਆਖਿਆ ਕਿ ਤਰਪਾਲਾਂ ਵਿਚ ਘਪਲਾ ਕਿਸੇ ਵੱਡੇ ਪਾਪ ਤੋਂ ਘੱਟ ਨਹੀਂ ਹੋ ਸਕਦਾ, ਪਰ ਜਿਨ੍ਹਾਂ ਨੇ ਸਾਡੇ 'ਤੇ ਦੋਸ਼ ਲਗਾਏ ਉਹ ਉਨ੍ਹਾਂ ਨੂੰ ਮੁਬਾਰਕ ਹੋਣ | ਇਸ ਮੌਕੇ ਕਈ ਕਰਮਚਾਰੀਆਂ ਨੇ ਵੀ ਦਫ਼ਤਰ ਦੇ ਕਰਮਚਾਰੀਆਂ ਨੂੰ ਬੇਵਜ੍ਹਾ ਪ੍ਰੇਸ਼ਾਨ ਕਰਨ 'ਤੇ ਦੱਬਵੀਂ ਆਵਾਜ਼ 'ਚ ਆਖਿਆ ਕਿ ਇਸ ਤਰ੍ਹਾਂ ਕੀਤੀ ਸਿਆਸਤ ਦੇ ਸਿੱਟੇ ਮਾੜੇ ਹੀ ਨਿਕਲਦੇ ਹਨ | ਇਸ ਮੌਕੇ ਤਰਪਾਲਾਂ ਦੀ ਵੰਡ ਕਰਨ ਵਾਲੇ ਮੁਲਾਜ਼ਮ ਗੁਰਸ਼ਰਨ ਸਿੰਘ ਨੇ ਆਖਿਆ ਕਿ ਕਿਸੇ ਨਾਲ ਕੋਈ ਪੱਖਪਾਤ ਨਹੀਂ ਕੀਤਾ | ਸਗੋਂ ਐੱਸ. ਡੀ. ਐੱਮ. ਦੇ ਹੁਕਮਾਂ 'ਤੇ ਦੋਹਾਂ ਹੀ ਬਲਾਕਾਂ ਦੇ ਲੋੜਵੰਦ ਪਰਿਵਾਰਾਂ ਨੂੰ ਹੀ ਤਰਪਾਲਾਂ ਦੀ ਵੰਡ ਕੀਤੀ ਹੈ ਤੇ ਇਸ ਵਿਚ ਸਭ ਤੋਂ ਵੱਧ ਕੋਟਾ ਹਾਕਮ ਧਿਰ ਦੇ ਹੀ ਹਿੱਸੇ ਆਇਆ ਹੈ | ਦੂਜੇ ਪਾਸੇ ਦਫ਼ਤਰ ਵਲੋਂ ਜ਼ਿਲ੍ਹਾ ਅਧਿਕਾਰੀਆਂ ਨੂੰ ਭੇਜੀ ਸੂਚੀ ਅਨੁਸਾਰ ਸਥਾਨਕ ਕਸਬੇ ਨੂੰ 240, ਲਾਗਲੇ ਪਿੰਡ ਸਲੇਮਪੁਰਾ ਨੂੰ 86, ਸਲੇਮਪੁਰਾ ਟਿੱਬਾ ਨੂੰ 67, ਖੁਰਸੈਦਪੁਰਾ ਨੂੰ 55, ਹੁਜਰਾ ਨੂੰ 47 ਸਮੇਤ ਕਰੀਬ 30 ਹੋਰ ਪਿੰਡਾਂ ਨੂੰ ਤਰਪਾਲਾਂ ਵੰੰਡੀਆਂ ਗਈਆਂ ਹਨ |