ਭੂੰਦੜੀ, 4 ਸਤੰਬਰ (ਕੁਲਦੀਪ ਸਿੰਘ ਮਾਨ)-ਖੂਹੀ 'ਚ ਉਤਰ ਕੇ ਮੋਟਰ ਖੋਲ੍ਹਣ ਗਏ ਚੋਰ ਨੂੰ ਗੈਸ ਚੜ੍ਹਣ ਕਰਕੇ ਬੇਹੋਸ਼ ਹੋ ਜਾਣ ਦਾ ਸਮਾਚਾਰ ਮਿਲਿਆ ਹੈ | ਜਾਣਕਾਰੀ ਦਿੰਦਿਆਂ ਸੰਮਤੀ ਮੈਂਬਰ ਗੁਰਮੀਤ ਸਿੰਘ, ਕੁਲਦੀਪ ਸਿੰਘ ਕੀਪਾ, ਵਿਕੀ ਪੇਂਟਰ ਆਦਿ ਨੇ ਦੱਸਿਆ ਕਿ ਸਵ: ਗੁਰਚਰਨ ਸਿੰਘ ਮਾਨ ਪੁੱਤਰ ਸਾਬਕਾ ਸਰਪੰਚ ਸਵ: ਮਾ: ਲਾਲ ਸਿੰਘ ਵਾਸੀ ਭੂੰਦੜੀ ਦੀ ਜ਼ਮੀਨ ਠੇਕੇ 'ਤੇ ਲੈ ਕੇ ਕਿਸਾਨ ਸਵਰਨ ਸਿੰਘ ਉਰਫ਼ ਬਿੱਲਾ ਪੁੱਤਰ ਕੁਲਵੰਤ ਸਿੰਘ ਵਾਸੀ ਭੂੰਦੜੀ ਨੇ ਝੋਨਾ ਲਗਾਇਆ ਹੋਇਆ ਸੀ ਅੱਜ ਦਿਨੇ 11 ਵਜੇ ਵਰ੍ਹਦੇ ਮੀਂਹ ਵਿਚ ਇਕ ਚੋਰ ਤਾਰਾਂ ਕੱਟ ਕੇ 25 ਫੁੱਟ ਡੰੂਘੀ ਖੂਹੀ 'ਚ ਉਤਰ ਗਿਆ | ਉਸ ਦੇ ਤਿੰਨ ਚਾਰ ਸਾਥੀ ਚੋਰ ਉਪਰੋਂ ਰੱਸੇ ਲਮਕਾ ਰਹੇ ਸਨ ਤਾਂ ਅਚਾਨਕ ਖੂਹੀ 'ਚੋਂ ਗੈਸ ਚੜਨ ਕਰਕੇ ਬੇਹੋਸ਼ ਹੋ ਗਿਆ | ਉੱਪਰ ਖੜੇ੍ਹ ਸਾਥੀ ਚੋਰਾਂ ਨੇ ਰੌਲਾ ਪਾ ਦਿੱਤਾ | ਲੋਕਾਂ ਨੇ ਇਕੱਠੇ ਹੋ ਕੇ ਚੋਰ ਨੂੰ ਮੋਟਰ ਵਾਲੀ ਖੂਹੀ 'ਚੋਂ ਬਾਹਰ ਕੱਢਿਆ, ਉਸ ਨੂੰ ਚੁੱਕ ਕੇ ਹਸਪਤਾਲ ਲੈ ਗਏ ਸਨ | ਇਹ ਚੋਰ ਜੋਗੀਆਂ ਦੇ ਨਾਲ ਦੇ ਸਿੱਧਵਾਂ ਬੇਟ ਦੇ ਦੱਸੇ ਜਾਂਦੇ ਹਨ | ਦੱਸਣਯੋਗ ਇਸੇ ਖੂਹੀ ਪਹਿਲਾਂ ਵੀ ਦੋ ਵਾਰ ਮੋਟਰਾਂ ਤੇ ਸਟਾਟਰ ਚੋਰੀ ਹੋ ਚੁੱਕੇ ਹਨ | ਇਸ ਮੌਕੇ ਕਿਸਾਨਾਂ ਨੇ ਦੱਸਿਆ ਬੇਟ ਇਲਾਕੇ 'ਚੋਂ ਮੋਟਰਾਂ, ਸਟਾਟਰ ਤੇ ਤਾਰਾਂ ਚੋਰੀ ਹੁੰਦੇ ਰਹਿੰਦੇ ਹਨ | ਉਨ੍ਹਾਂ ਸਰਕਾਰ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਚੋਰਾਂ ਨੂੰ ਨੱਥ ਪਾਈ ਜਾਵੇ |