ਸਿੱਧਵਾਂ ਬੇਟ, 5 ਸਤੰਬਰ (ਜਸਵੰਤ ਸਿੰਘ ਸਲੇਮਪੁਰੀ)-ਵਿਧਾਨ ਸਭਾ ਹਲਕਾ ਦਾਖਾ ਦੇ ਇੰਚਾਰਜ ਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਕੈਪਟਨ ਸੰਦੀਪ ਸਿੰਘ ਸੰਧੂ ਅਤੇ ਮਾਰਕੀਟ ਕਮੇਟੀ ਸਿੱਧਵਾਂ ਬੇਟ ਦੇ ਸਾਬਕਾ ਚੇਅਰਮੈਨ ਠੇੇਕੇਦਾਰ ਸੁਰਿੰਦਰ ਸਿੰਘ ਸਿੱਧਵਾਂ ਨੇ ਆਪਣੇ ਸਾਥੀਆਂ ਨਾਲ ਪਿੰਡ ਖੁਰਸ਼ੈਦਪੁਰਾ ਦੇ ਦਰਿਆ ਸਤਲੁਜ ਤੋਂ ਪਾਰ ਪੈਂਦੇ ਡੇਰੇ 'ਤੇ ਰਹਿੰਦੇ ਪੀੜਤ ਲੋਕਾਂ ਦੇ ਨੁਕਸਾਨੇ ਗਏ ਘਰਾਂ ਦਾ ਜਾਇਜ਼ਾ ਲੈਂਦੇ ਹੋਏ ਉਨ੍ਹਾਂ ਦੀ ਮੁਸ਼ਕਿਲਾਂ ਸੁਣੀਆਂ | ਉਨ੍ਹਾਂ ਇਸ ਮੌਕੇ ਸੂਬੇ ਦੀ ਮਾਨ ਸਰਕਾਰ ਤੋਂ ਮੰਗ ਕੀਤੀ ਕਿ ਭਾਰੀ ਬਰਸਾਤਾਂ ਕਾਰਨ ਜਿਹੜੇ ਪਰਿਵਾਰਾਂ ਦੇ ਘਰਾਂ ਦੀਆਂ ਛੱਤਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਹਨ ਉਨ੍ਹਾਂ ਲਈ ਸਰਕਾਰ ਤੁਰੰਤ ਮੁਆਵਜ਼ੇ ਦਾ ਐਲਾਨ ਕਰੇ | ਇਸ ਮੌਕੇ ਦੁਖੀ ਪਰਿਵਾਰਾਂ ਨੇ ਇਹ ਵੀ ਦੱਸਿਆ ਕਿ ਦਰਿਆ ਦੇ ਪੁਲ ਤੋਂ ਜਿਹੜੀ ਨੋੋਚ ਸਾਡੇ ਘਰਾਂ ਤੋਂ ਚੜ੍ਹਦੇ ਵਾਲੇ ਪਾਸੇ ਵੱਡੇ ਬੰਨ੍ਹ ਨਾਲ ਮਿਲਦੀ ਸੀ, ਉਸ 'ਚ ਪਿਛਲੇ ਕਈ ਸਾਲਾਂ ਤੋਂ ਪਾੜ ਪਿਆ ਹੈ | ਜਦੋਂ ਵੀ ਕਿਤੇ ਦਰਿਆ 'ਚ ਪਾਣੀ ਜ਼ਿਆਦਾ ਆ ਜਾਂਦਾ ਹੈ ਤਾਂ ਦਰਿਆ ਦਾ ਪਾਣੀ ਪਹਿਲਾਂ ਸਿੱਧਾ ਸਾਡੇ ਘਰਾਂ ਅਤੇ ਜ਼ਮੀਨਾਂ 'ਚ ਵੜਦਾ ਹੈ ਫਿਰ ਅਸੀਂ ਮਜ਼ਬੂਰੀ ਵੱਸ ਨੋਚ 'ਚ ਪਾੜ ਪਾ ਕੇ ਇਸ ਨੂੰ ਦੁਬਾਰਾ ਸਤਲੁਜ ਵਿਚ ਪਾਉਂਦੇ ਹਾਂ | ਉਪਰੰਤ ਕੈਪਟਨ ਸੰਧੂ ਨੇ ਆਖਿਆ ਕਿ ਜਦੋਂ 2027 'ਚ ਸਾਡੀ ਸਰਕਾਰ ਬਣੀ ਤਾਂ ਸਭ ਤੋਂ ਪਹਿਲਾਂ ਇਸ ਨੋਚ ਨੂੰ ਪੂਰੀ ਤਰ੍ਹਾਂ ਮਜ਼ਬੂਤ ਕਰ ਦਿੱਤਾ ਜਾਵੇਗਾ | ਉਨ੍ਹਾਂ ਪਰਿਵਾਰਾਂ ਨੂੰ ਹਰ ਸੰਭਵ ਸਹਾਇਤਾ ਦੇਣ ਦਾ ਵੀ ਵਿਸ਼ਵਾਸ ਦਿਵਾਇਆ | ਇਸ ਮੌਕੇ ਸਾਬਕਾ ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ, ਬਲਾਕ ਕਾਂਗਰਸ ਪ੍ਰਧਾਨ ਪ੍ਰੇਮ ਸਿੰਘ ਬਾਸੀਆਂ, ਕਾਂਗਰਸੀ ਆਗੂ ਮਨੀ ਗਰਗ, ਸਾਬਕਾ ਸਰਪੰਚ ਪਰਮਜੀਤ ਸਿੰਘ ਪੱਪੀ, ਪੁਨੀਤ ਸਿੱਧਵਾਂ ਆਦਿ ਵੀ ਮੌਜੂਦ ਸਨ |