ਰਾਏਕੋਟ, 6 ਸਤੰਬਰ (ਸੁਸ਼ੀਲ)-ਸਿਹਤ ਵਿਭਾਗ ਦੀ ਟੀਮ ਨੇ ਡਰੱਗ ਇੰਸਪੈਕਟਰ ਡਾ: ਰੂਪਪ੍ਰੀਤ ਕੌਰ ਦੀ ਅਗਵਾਈ ਹੇਠ ਰਾਏਕੋਟ ਇਲਾਕੇ ਦੀਆਂ ਮੈਡੀਕਲ ਦੁਕਾਨਾਂ 'ਤੇ ਅਚਾਨਕ ਛਾਪੇਮਾਰੀ ਕੀਤੀ ਗਈ | ਛਾਪੇਮਾਰੀ ਦੌਰਾਨ ਡਰੱਗ ਇੰਸਪੈਕਟਰ ਡਾ. ਰੂਪਪ੍ਰੀਤ ਕੌਰ ਨਾਲ ਡੀ.ਐੱਸ.ਪੀ. ਰਾਏਕੋਟ ਹਰਜਿੰਦਰ ਸਿੰਘ ਤੇ ਥਾਣਾ ਸਿਟੀ ਰਾਏਕੋਟ ਮੁਖੀ ਅਮਰਜੀਤ ਸਿੰਘ ਵੀ ਮੌਜ਼ੂਦ ਸਨ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਰੱਗ ਇੰਸਪੈਕਟਰ ਰੂਪਪ੍ਰੀਤ ਕੌਰ ਨੇ ਦੱਸਿਆ ਕਿ ਇਸ ਛਾਪੇਮਾਰੀ ਦੌਰਾਨ ਉਨ੍ਹਾਂ ਵਲੋਂ ਗੁਲਾਟੀ ਮੈਡੀਕਲ ਸਟੋਰ, ਨਿਊ ਦਸਮੇਸ਼ ਮੈਡੀਕਲ ਸਟੋਰ ਅਤੇ ਫਰੈਂਡਜ਼ ਮੈਡੀਕਲ ਸਟੋਰ 'ਤੇ ਛਾਪੇਮਾਰੀ ਕਰਕੇ ਦਵਾਈਆਂ ਅਤੇ ਦਵਾਈਆਂ ਦੇ ਰਿਕਾਰਡ ਆਦਿ ਦੀ ਜਾਂਚ ਕੀਤੀ ਗਈ | ਡਾ. ਰੂਪਪ੍ਰੀਤ ਕੌਰ ਨੇ ਦੱਸਿਆ ਕਿ ਇਹਨਾਂ ਮੈਡੀਕਲ ਸਟੋਰਾਂ ਤੋਂ ਕੋਈ ਵੀ ਇਤਰਾਜਯੋਗ ਦਵਾਈ ਨਹੀਂ ਮਿਲੀ | ਉਨ੍ਹਾਂ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਗੈਰ-ਕਾਨੂੰਨੀ ਤਰੀਕੇ ਨਾਲ ਦਵਾਈਆਂ ਵੇਚਣ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ |