ਮੁੱਲਾਂਪੁਰ-ਦਾਖਾ, 6 ਸਤੰਬਰ (ਨਿਰਮਲ ਸਿੰਘ ਧਾਲੀਵਾਲ)-ਬਰਸਾਤੀ ਪਾਣੀ ਨਾਲ ਪੰਜਾਬ 'ਚ ਹੜ੍ਹਾਂ ਵਰਗੇ ਹਾਲਾਤਾਂ 'ਚ ਹੜ੍ਹ ਪੀੜਤਾਂ ਦੀ ਮਦਦ ਲਈ ਪੰਜਾਬੀਆਂ ਦੀ ਭਾਈਚਾਰਕ ਸਾਂਝ ਸ਼ਲਾਘਾਯੋਗ ਹੈ, ਕੁਦਰਤੀ ਬਿਪਤਾ ਨਾਲ ਨਜਿੱਠਣ ਤੇ ਆਪਣੇ ਪੰਜਾਬੀ ਭਰਾਵਾਂ ਦੀ ਮਦਦ ਲਈ ਹਰ ਵਰਗ ਨੂੰ ਅੱਗੇ ਆਉਣਾ ਚਾਹੀਦਾ | ਇਹ ਪ੍ਰਗਟਾਵਾ ਸਾਬਕਾ ਸੰਸਦੀ ਸਕੱਤਰ ਬਿਕਰਮਜੀਤ ਸਿੰਘ ਖ਼ਾਲਸਾ ਵਲੋਂ ਹੜ੍ਹ ਪੀੜ੍ਹਤਾਂ ਦੀ ਸਹਾਇਤਾ 'ਚ ਲੱਗੇ ਲੋਕਾਂ ਦੀ ਸ਼ਲਾਘਾ ਕਰਦਿਆਂ ਕੀਤਾ | ਖ਼ਾਲਸਾ ਨੇ ਕਿਹਾ ਕਿ ਹੜ੍ਹ ਪੀੜਤ ਇਲਾਕਿਆਂ 'ਚ ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ, ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ, 'ਆਪ' ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਹੋਰਨਾਂ ਵਲੋਂ ਪਹੁੰਚਣਾ ਜਾਇਜ਼ ਹੈ, ਪਰ ਸੰਕਟ ਦੀ ਘੜੀ ਰਾਜ ਅਤੇ ਕੇਂਦਰ ਦੋਵਾਂ ਸਰਕਾਰਾਂ ਨੂੰ ਕਿਸੇ ਵਿਸ਼ੇਸ਼ ਸਹਾਇਤਾ ਪੈਕੇਜ਼ ਦਾ ਐਲਾਨ ਕਰਨਾ ਚਾਹੀਦਾ | ਬਿਕਰਮਜੀਤ ਸਿੰਘ ਖ਼ਾਲਸਾ ਨੇ ਕਿਹਾ ਕਿ ਖੇਤੀ ਪ੍ਰਧਾਨ ਸੂਬਾ ਪੰਜਾਬ ਦੀਆਂ ਫ਼ਸਲਾਂ ਹੜ੍ਹਾਂ ਦੇ ਪਾਣੀ ਨਾਲ ਰੁੜ ਜਾਣ 'ਤੇ ਪੀੜ੍ਹਤ ਕਿਸਾਨਾਂ ਨੂੰ ਕੇਂਦਰ ਅਤੇ ਰਾਜ ਸਰਕਾਰਾਂ ਵਲੋਂ ਤੁਰੰਤ ਮੁਆਵਜ਼ਾ ਮਿਲਣਾ ਚਾਹੀਦਾ ਤਾਂ ਕਿ ਉਹ ਮੁੜ ਪੈਰਾਂ 'ਤੇ ਹੋਣ ਲਈ ਅਗਲੀ ਫ਼ਸਲ ਵਾਸਤੇ ਖੇਤ ਤਿਆਰ ਕਰ ਸਕਣ | ਉਨ੍ਹਾਂ ਕਿਹਾ ਕਿ ਖੇਤੀ ਦੇ ਸਹਾਇਤ ਧੰਦੇ ਪਸ਼ੂ ਧਨ ਲਈ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਮਦਦ ਹੋਵੇ, ਲੋੜਵੰਦ ਪਰਿਵਾਰਾਂ ਨੂੰ ਸਰਕਾਰ ਇਕ-ਦੋ ਮੱਝਾਂ-ਗਾਵਾਂ ਖ਼ਰੀਦਣ ਲਈ ਆਪਣੇ ਪਸ਼ੂ ਪਾਲਣ ਵਿਭਾਗ ਰਾਹੀਂ ਸਹਾਇਤਾ ਭੇਜੇ |