ਰਾਏਕੋਟ, 6 ਸਤੰਬਰ (ਸੁਸ਼ੀਲ)-ਪੰਜਾਬ ਸਟੇਟ ਪੈਨਸ਼ਨਰਜ਼ ਐਸੋਸੀਏਸ਼ਨ ਤਹਿਸੀਲ ਰਾਏਕੋਟ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਪਿ੍ੰਸੀਪਲ ਕਰਮਜੀਤ ਸਿੰਘ ਦੀ ਅਗਵਾਈ ਹੇਠ ਹੋਈ | ਮੀਟਿੰਗ ਵਿਚ ਪਿਛਲੇ ਕਈ ਦਿਨਾਂ ਤੋਂ ਹੋ ਰਹੀ ਭਾਰੀ ਬਾਰਿਸ਼ ਅਤੇ ਦਰਿਆਵਾਂ ਵਿਚ ਛੱਡੇ ਜਾ ਰਹੇ ਪਾਣੀ ਕਾਰਨ ਹੜ੍ਹਾਂ ਤੋਂ ਪ੍ਰਭਾਵਿਤ ਏਰੀਏ ਦੇ ਪਿੰਡਾਂ ਵਿਚ ਹੋਈ ਵੱਡੀ ਬਰਬਾਦੀ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਜਥੇਬੰਦੀ ਦੇ ਹੋਰ ਮਸਲਿਆਂ 'ਤੇ ਵਿਚਾਰ ਵਟਾਂਦਰਾ ਕੀਤਾ ਗਿਆ | ਜਥੇਬੰਦੀ ਦੇ ਉੱਦਮੀ ਮੈਂਬਰਾਂ ਵਲੋਂ ਹੜ੍ਹ ਪੀੜਤਾਂ ਤੱਕ ਪੁੱਜਦੀ ਕੀਤੀ ਸਮੱਗਰੀ ਲਈ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ ਗਈ ਅਤੇ ਬਾਕੀ ਮੈਂਬਰਾਂ ਵਲੋਂ ਸਮਰੱਥਾ ਅਨੁਸਾਰ ਰਾਸ਼ੀ ਭੇਟ ਕੀਤੀ ਗਈ | ਬੈਂਕਾਂ ਵਿਚ ਪੈਨਸ਼ਨਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਨੂੰ ਸੁਲਝਾਉਣ ਲਈ ਸਾਰਥਿਕ ਯਤਨ ਕਰਨ ਦਾ ਫ਼ੈਸਲਾ ਲਿਆ ਗਿਆ | ਪੈਨਸ਼ਨਰਾਂ ਦੇ ਮੈਡੀਕਲ ਬਿੱਲਾਂ ਸਬੰਧੀ ਹੋ ਰਹੀ ਦੇਰੀ ਅਤੇ ਖੱਜਲ ਖੁਆਰੀ ਦਾ ਮਸਲਾ ਗੰਭੀਰਤਾ ਨਾਲ ਵਿਚਾਰਿਆ ਗਿਆ | ਇਨ੍ਹਾਂ ਸਮੱਸਿਆਵਾਂ ਦੇ ਹੱਲ ਲਈ ਸਰਬਸੰਮਤੀ ਨਾਲ ਇਕ ਵਿਸ਼ੇਸ਼ ਕਮੇਟੀ ਗਠਨ ਕਰਨ ਦਾ ਫ਼ੈਸਲਾ ਲਿਆ ਗਿਆ | ਵੱਡੀ ਉਮਰ ਵਾਲੇ ਪੈਨਸ਼ਨਰਾਂ ਅਤੇ ਸਵਰਗੀ ਪੈਨਸ਼ਨਰਾਂ ਤੋਂ ਬਾਅਦ ਪਰਿਵਾਰਕ ਪੈਨਸ਼ਨ ਲੈ ਰਹੀਆਂ ਵੱਡੀ ਉਮਰ ਦੀਆਂ ਵਿਧਵਾਵਾਂ ਦੀਆਂ ਸਮੱਸਿਆਵਾਂ ਨੂੰ ਉਨ੍ਹਾਂ ਦੇ ਘਰਾਂ ਤੱਕ ਪਹੁੰਚ ਕਰਕੇ ਜਾਨਣ ਅਤੇ ਹੱਲ ਕਰਨ ਦਾ ਮਤਾ ਪਾਸ ਕੀਤਾ ਗਿਆ | ਪੈਨਸ਼ਨਰਾਂ ਦੀਆਂ ਹੱਕੀ ਮੰਗਾਂ ਨਾ ਮੰਨਣ ਲਈ, 2.59 ਦਾ ਗੁਣਾਂਕ ਨਾ ਲਾਗੂ ਕਰਨ ਲਈ ਅਤੇ ਮਹਿੰਗਾਈ ਭੱਤੇ ਦੀਆਂ ਬਕਾਇਆ ਕਿਸ਼ਤਾਂ ਨਾ ਜਾਰੀ ਕਰਨ ਲਈ ਸੂਬਾ ਸਰਕਾਰ ਦੀ ਸਖ਼ਤ ਨਿਖੇਧੀ ਕੀਤੀ | ਮੀਟਿੰਗ ਦੌਰਾਨ ਕਰਮਜੀਤ ਸਿੰਘ ਪ੍ਰਧਾਨ, ਸਰਬਜੀਤ ਸਿੰਘ ਤੂਰ ਜਨਰਲ ਸਕੱਤਰ, ਸੰਤੋਖ ਸਿੰਘ ਸੀਨੀ: ਮੀਤ ਪ੍ਰਧਾਨ, ਮੁੱਖ ਸਰਪ੍ਰਸਤ ਫਕੀਰ ਚੰਦ ਸ਼ਰਮਾਂ ਵਲੋਂ ਸੰਬੋਧਨ ਕੀਤਾ ਗਿਆ | ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਕਰਨੈਲ ਸਿੰਘ, ਜੰਗ ਸਿੰਘ ਮਾਨ, ਬਰਿੰਦਰ ਘਈ, ਪ੍ਰੇਮ ਨਾਥ, ਜਗਦੀਪ ਸਿੰਘ ਗੁਰਮੇਲ ਸਿੰਘ, ਅਮਰ ਸਿੰਘ, ਚਰਨ ਸਿੰਘ, ਦਲਜਿੰਦਰ ਸਿੰਘ, ਹਰਜੀਤ ਸਿੰਘ, ਰੇਸ਼ਮ ਸਿੰਘ, ਮਨਜੀਤ ਸਿੰਘ, ਅਜੀਤ ਸਿੰਘ, ਬਲਵੀਰ ਸਿੰਘ, ਮੁਖਤਿਆਰ ਸਿੰਘ, ਪ੍ਰੀਤਮ ਸਿੰਘ ਬਰਮ੍ਹੀ, ਸੁਖਦੇਵ ਸਿੰਘ ਜੱਟਪੁਰੀ ਆਦਿ ਵੀ ਹਾਜ਼ਰ ਸਨ |