ਹਠੂਰ, 6 ਸਤੰਬਰ (ਜਸਵਿੰਦਰ ਸਿੰਘ ਛਿੰਦਾ)-ਹੜ੍ਹ ਪ੍ਰਭਾਵਿਤ ਲੋਕਾਂ ਦੀ ਚੜ੍ਹਦੀ ਕਲਾ ਤੇ ਸਰਬੱਤ ਦੇ ਭਲੇ ਲਈ ਇਤਿਹਾਸਕ ਗੁਰਦੁਆਰਾ ਸ੍ਰੀ ਮੈਹਦੇਆਣਾ ਸਾਹਿਬ ਵਿਖੇ ਆਰੰਭ ਕਰਵਾਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸ੍ਰੀ ਅਖੰਡ ਪਾਠਾਂ ਦੇ ਅੱਜ ਭੋਗ ਪਾਏ ਗਏ ਅਤੇ ਅਰਦਾਸ ਬੇਨਤੀ ਕੀਤੀ ਗਈ | ਇਸ ਮੌਕੇ ਮੁੱਖ ਗ੍ਰੰਥੀ ਭਾਈ ਬਲਵਿੰਦਰ ਸਿੰਘ ਨੇ ਕੀਰਤਨ ਵੀ ਕੀਤਾ | ਮੁੱਖ ਸੇਵਾਦਾਰ ਭਾਈ ਕੁਲਵੰਤ ਸਿੰਘ ਲੱਖਾ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਦੁੱਖ ਵੰਡਾਇਆ ਹੀ ਘਟਦਾ ਹੈ ਅਤੇ ਸਾਨੂੰ ਗੁਰੂਆਂ ਦਾ ਇਹੀ ਉਪਦੇਸ਼ ਹੈ ਕਿ ਸਰਬੱਤ ਦਾ ਭਲਾ ਮੰਨਦੇ ਹੋਏ ਲੋੜਵੰਦਾਂ ਦੀ ਮੱਦਦ ਕਰਨੀ ਚਾਹੀਦੀ ਹੈ | ਇਸ ਲਈ ਜਲਦੀ ਹੀ ਉਹ ਲੋੜੀਂਦੀ ਸਮੱਗਰੀ ਲੈ ਕੇ ਪੀੜਤ ਲੋਕਾਂ ਦੀ ਮਦਦ ਲਈ ਜਾਣਗੇ | ਇਸ ਮੌਕੇ ਜਥੇਦਾਰ ਸੁਖਦੇਵ ਸਿੰਘ ਖਹਿਰਾ, ਪ੍ਰਧਾਨ ਬਲਵੰਤ ਸਿੰਘ ਦੇਹੜਕਾ, ਸੈਕਟਰੀ ਗੁਰਮੀਤ ਸਿੰਘ ਲੱਖਾ, ਅਜੈਬ ਸਿੰਘ ਯੂ.ਪੀ. ਅਤੇ ਇਲਾਕੇ ਦੇ ਪਿੰਡਾਂ ਦੇ ਮੋਹਤਵਰ ਤੇ ਸੰਗਤ ਅਰਦਾਸ 'ਚ ਸ਼ਾਮਿਲ ਹੋਈ |