ਹਠੂਰ, 6 ਸਤੰਬਰ (ਜਸਵਿੰਦਰ ਸਿੰਘ ਛਿੰਦਾ)-ਅਧਿਆਪਨ ਕਿੱਤੇ 'ਚ ਅਹਿਮ ਰੋਲ ਅਦਾ ਕਰਨ ਵਾਲੇ ਨੈਸ਼ਨਲ ਐਵਾਰਡੀ, ਸ਼੍ਰੋਮਣੀ ਗੀਤਕਾਰ, ਪ੍ਰਸਿੱਧ ਸਾਹਿਤਕਾਰ ਅਮਰੀਕ ਸਿੰਘ ਤਲਵੰਡੀ ਦਾ ਅਧਿਆਪਕ ਦਿਵਸ ਮੌਕੇ ਪੂਰੀ ਜ਼ਿੰਦਗੀ ਦੀਆਂ ਪ੍ਰਾਪਤੀਆਂ ਬਦਲੇ ਲਾਈਫ ਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨ ਕੀਤਾ ਗਿਆ | ਇਸ ਸਨਮਾਨ ਸਿਹਤ, ਸਿੱਖਿਆ ਤੇ ਵਾਤਾਵਰਨ ਦੇ ਖੇਤਰ 'ਚ ਕੰਮ ਕਰਦੀ ਆ ਰਹੀ ਸੰਸਥਾ 'ਆਪਣਾ ਪੰਜਾਬ ਫਾਊਾਡੇਸ਼ਨ' ਵਲੋਂ ਚੰਡੀਗੜ੍ਹ ਵਿਖੇ ਰੱਖੇ ਸਮਾਗਮ 'ਚ ਕੀਤਾ ਗਿਆ ਹੈ | ਜਿਸ ਦੇ ਮੁੱਖ ਮਹਿਮਾਨ ਮੈਂਬਰ ਪਾਰਲੀਮੈਂਟ ਸਤਨਾਮ ਸਿੰਘ ਸੰਧੂ ਸਨ | ਇਸ ਸਬੰਧੀ ਅਮਰੀਕ ਸਿੰਘ ਤਲਵੰਡੀ ਨੇ 'ਅਜੀਤ' ਨਾਲ ਵਿਸ਼ੇਸ਼ ਤੌਰ 'ਤੇ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਜ਼ਿੰਦਗੀ 'ਚ ਇਹ ਐਵਾਰਡ ਦਾ ਹੁਣ ਹੋਰ ਵੀ ਮਹੱਤਵ ਵੱਧ ਗਿਆ ਹੈ, ਕਿਉਂਕਿ ਜਦੋਂ ਕੋਈ ਸੰਸਥਾ ਉਨ੍ਹਾਂ 'ਤੇ ਭਰੋਸਾ ਕਰਕੇ ਉਨ੍ਹਾਂ ਦੇ ਬਿਹਤਰ ਕੰਮ ਨੂੰ ਦੇਖਦਿਆਂ ਸਨਮਾਨ ਲਈ ਚੋਣ ਕਰਦੀ ਹੈ ਤਾਂ ਸਨਮਾਨ ਹਾਸਲ ਕਰਨ ਵਾਲੇ ਲਈ ਹੋਰ ਵੀ ਸ਼ਿੱਦਤ ਨਾਲ ਕੰਮ ਕਰਨ ਦੀ ਜ਼ਿੰਮੇਵਾਰੀ ਪੈ ਜਾਂਦੀ ਹੈ | ਉਨ੍ਹਾਂ ਦੱਸਿਆ ਕਿ ਉਕਤ ਸੰਸਥਾ ਵਲੋਂ ਪੀ.ਐੱਚ.ਡੀ. ਚੈਂਬਰ, ਚੰਡੀਗੜ੍ਹ ਵਿਖੇ ਅਧਿਆਪਕ ਦਿਵਸ ਮੌਕੇ ਇਕ ਨਵੀਂ ਪਹਿਲ ਕਰਦਿਆਂ ਉਹ ਅਧਿਆਪਕ, ਜਿਨ੍ਹਾਂ ਨੇ 70 ਸਾਲ ਦੀ ਉਮਰ ਪੂਰੀ ਕਰ ਲਈ ਹੈ ਪਰ ਅੱਜ ਵੀ ਸਮਾਜਿਕ ਤੇ ਸਿੱਖਿਆਕਾਰੀ ਸੇਵਾਵਾਂ 'ਚ ਸਰਗਰਮ ਹਨ, ਉਨ੍ਹਾਂ ਨੂੰ ਲਾਈਫ ਟਾਈਮ ਐਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ | ਇਸ ਮੌਕੇ ਉਨ੍ਹਾਂ ਸਮੇਤ 25 ਸੀਨੀਅਰ ਅਧਿਆਪਕਾਂ ਦਾ ਸਨਮਾਨ ਕੀਤਾ ਗਿਆ | ਅਮਰੀਕ ਸਿੰਘ ਤਲਵੰਡੀ ਨੇ ਇਸ ਮੌਕੇ ਫਾਊਾਡੇਸ਼ਨ ਦੇ ਸੰਸਥਾਪਕ ਅਤੇ ਪ੍ਰਧਾਨ ਡਾ. ਜਗਜੀਤ ਸਿੰਘ ਧੂਰੀ ਅਤੇ ਸਮੂਹ ਪ੍ਰਬੰਧਕਾਂ ਦਾ ਦਿਲੋਂ ਧੰਨਵਾਦ ਕੀਤਾ | ਇਸ ਮੌਕੇ ਉਨ੍ਹਾਂ ਨਾਲ ਸਿੱਖਿਆ ਖੇਤਰ ਨਾਲ ਜੁੜੀ ਪ੍ਰਸਿੱਧ ਸੰਸਥਾ ਐੱਮ.ਐੱਲ.ਡੀ. ਪਬਲਿਕ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਕਲਾਂ ਦੇ ਡਾਇਰੈਕਟਰ ਸ੍ਰੀ ਬਲਦੇਵ ਬਾਵਾ, ਮਨਜੀਤ ਸਿੰਘ, ਨਿਰਮਲ ਸਿੰਘ, ਭੁਪਿੰਦਰ ਸਿੰਘ, ਸ੍ਰੀ ਅਨਿਲ ਮਿੱਤਲ ਵੀ ਹਾਜ਼ਰ ਸਨ |