ਰਾਏਕੋਟ, 6 ਸਤੰਬਰ (ਸੁਸ਼ੀਲ)-ਪਿਛਲੇ ਕਈ ਦਿਨਾਂ ਤੋਂ ਹੋ ਰਹੀ ਬਾਰਿਸ਼ ਕਾਰਨ ਰਾਏਕੋਟ ਸ਼ਹਿਰ ਦਾ ਵਿਰਾਸਤੀ ਤਲਵੰਡੀ ਗੇਟ ਜੋ ਕਿ ਪਹਿਲਾਂ ਜਵਾਹਰ ਗੇਟ ਦੇ ਨਾਮ ਨਾਲ ਜਾਣਿਆ ਜਾਂਦਾ ਸੀ, ਅੱਜ ਦੁਪਹਿਰ ਗੇਟ 'ਤੇ ਪਈ ਛੱਤ ਦਾ ਕੁਝ ਹਿੱਸਾ ਹੇਠਾਂ ਆ ਡਿੱਗਾ | ਹਾਲਾਂਕਿ ਉਸ ਵਕਤ ਇਸ ਇਲਾਕੇ ਵਿਚ ਲੋਕਾਂ ਦੀ ਕਾਫੀ ਗਹਿਮਾ ਗਹਿਮੀ ਸੀ ਪ੍ਰੰਤੂ ਕਿਸੇ ਕਿਸਮ ਦਾ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ | ਜ਼ਿਕਰਯੋਗ ਹੈ ਕਿ ਇਹ ਇਤਿਹਾਸਿਕ ਗੇਟ ਮੁਗਲ ਕਾਲ ਦੇ ਸਮੇਂ ਦਾ ਬਣਿਆ ਹੋਇਆ ਹੈ ਜਿਸ ਨੂੰ ਕਿ ਰਾਏਕਟ ਦੇ ਨਵਾਬ ਰਾਏ ਕੱਲ੍ਹਾ ਦੇ ਪਰਿਵਾਰ ਵਲੋਂ ਬਣਵਾਇਆ ਗਿਆ ਸੀ | ਕੁਝ ਸਮਾਂ ਪਹਿਲਾਂ ਰਾਏਕੋਟ ਨਗਰ ਪ੍ਰਸ਼ਾਸਨ ਵਲੋਂ ਇਸ ਗੇਟ ਦੀ ਮੁਰੰਮਤ ਕਰਵਾ ਕੇ ਇਸ ਨੂੰ ਨਵੀਂ ਦਿੱਖ ਦਿੱਤੀ ਗਈ ਸੀ | ਪ੍ਰੰਤੂ ਉਸ ਤੋਂ ਬਾਅਦ ਇਸ ਇਤਿਹਾਸਕ ਗੇਟ ਦੀ ਯੋਗ ਸਾਂਭ ਸੰਭਾਲ ਨਾ ਹੋਣ ਕਾਰਨ ਇਸਦੀ ਹਾਲਤ ਵਿਚ ਲਗਾਤਾਰ ਨਿਘਾਰ ਆਉਂਦਾ ਗਿਆ, ਜਿਸ ਦੇ ਚਲਦਿਆਂ ਅੱਜ ਇਸ ਇਤਿਹਾਸਿਕ ਗੇਟ ਦੀ ਛੱਤ ਦਾ ਇਕ ਹਿੱਸਾ ਢਹਿ ਢੇਰੀ ਹੋ ਗਿਆ | ਸੂਚਨਾ ਮਿਲਦੇ ਹੀ ਨਗਰ ਪ੍ਰਸ਼ਾਸਨ ਵਲੋਂ ਇਹਿਤਿਆਤ ਵਜੋਂ ਇਸ ਗੇਟ ਵਿਚਲੀ ਆਵਾਜਾਈ ਨੂੰ ਅਸਥਾਈ ਤੌਰ 'ਤੇ ਬੰਦ ਕਰ ਦਿੱਤਾ ਗਿਆ ਹੈ ਅਤੇ ਰਾਹਗੀਰਾਂ ਨੂੰ ਇਸ ਗੇਟ ਦਾ ਇਸਤੇਮਾਲ ਨਾ ਕਰਨ ਦੀ ਚਿਤਾਵਨੀ ਦਿੱਤੀ ਗਈ ਹੈ | ਨਵਾਬ ਰਾਏ ਕੱਲ੍ਹਾ ਦੇ ਵੰਸ਼ਜ ਰਾਏ ਅਜ਼ੀਜ਼ ਉੱਲਾ ਖਾਨ (ਸਾਬਕਾ ਐੱਮ.ਪੀ. ਪਾਕਿਸਤਾਨ) ਨੇ ਇਸ ਘਟਨਾ 'ਤੇ ਚਿੰਤਾ ਪ੍ਰਗਟ ਕਰਦੇ ਹੋਏ ਨਗਰ ਪ੍ਰਸ਼ਾਸਨ ਰਾਏਕੋਟ ਨੂੰ ਇਸ ਇਤਿਹਾਸਕ ਗੇਟ ਦੀ ਮੁਰੰਮਤ ਕਰਵਾਉਣ ਦੀ ਅਪੀਲ ਕੀਤੀ ਹੈ |