ਸਿੱਧਵਾਂ ਬੇਟ, 6 ਸਤੰਬਰ (ਜਸਵੰਤ ਸਿੰਘ ਸਲੇਮਪੁਰੀ)-ਭਾਵੇਂ ਇੱਥੋਂ ਕਰੀਬ ਤਿੰਨ ਮੀਲ ਦੂਰ ਵਗ ਰਹੇ ਦਰਿਆ ਸਤਲੁਜ 'ਚ ਪਾਣੀ ਦਾ ਵਹਾਅ ਕੁਝ ਘਟਿਆ ਵਿਖਾਈ ਦੇ ਰਿਹਾ ਹੈ, ਪਰ ਦਰਿਆ ਦੇ ਪਾਰ (ਜਲੰਧਰ) ਵਾਲੇ ਪਾਸੇ ਪੈਂਦੇ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਕੰਨੀਆਂ ਖੁਰਦ ਨਜ਼ਦੀਕ ਇਲਾਕੇ ਦੇ ਸਭ ਤੋਂ ਖਤਰਨਾਕ ਮੰਨੇ ਜਾਂਦੇ ਧੁੱਸੀ ਬੰਨ੍ਹ ਦੀ ਹਾਲਤ ਅਜੇ ਵੀ ਚਿੰਤਾਜਨਕ ਬਣੀ ਹੋਈ ਹੈ | ਜਿਸ ਨੇ ਦਰਜਨਾਂ ਪਿੰਡਾਂ ਦੇ ਲੋਕਾਂ ਦੀ ਇਕ ਤਰ੍ਹਾਂ ਨਾਲ ਨੀਂਦ ਉਡਾਈ ਹੋਈ ਹੈ | ਉਕਤ ਪਿੰਡਾਂ ਦੇ ਲੋਕ ਹੁਣ ਖੁੱਲ੍ਹ ਕੇ ਪ੍ਰਸ਼ਾਸਨ ਦੇ ਖ਼ਿਲਾਫ਼ ਹੋ ਗਏ ਹਨ | ਜਿਨ੍ਹਾਂ ਨੇ ਡਰੇਨਜ਼ ਵਿਭਾਗ ਅਤੇ ਰੇਤ ਮਾਫੀਏ ਦੇ ਲੋਕਾਂ 'ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਆਖਿਆ ਕਿ ਜੇਕਰ ਦਰਿਆ ਦੇ ਵਿਚਕਾਰ ਟਿੱਬੇ ਨਾ ਲਗਾਏ ਹੁੰਦੇ ਤਾਂ ਸਾਡੇ ਵਾਲੇ ਪਾਸੇ ਧੁੱਸੀ ਬੰਨ੍ਹ ਦੀ ਹਾਲਤ ਮਾੜੀ ਨਾ ਹੁੰਦੀ | ਇਲਾਕੇ ਦੇ ਸੈਂਕੜੇ ਲੋਕਾਂ ਨੂੰ ਨਾਲ ਲੈ ਕੇ ਇਸ ਧੁੱਸੀ ਬੰਨ੍ਹ ਦੀ ਲਗਾਤਾਰ ਨਿਗਰਾਨੀ ਕਰ ਰਹੇ ਅਤੇ ਲੋਕਾਂ ਦੀਆਂ ਜੇਬ੍ਹਾਂ ਵਿਚੋਂ ਖਰਚ ਕਰਕੇ ਬੰਨ੍ਹ ਨੂੰ ਮਜ਼ਬੂਤ ਕਰਨ ਵਾਲੀ ਬਣਾਈ ਗਈ ਕਮੇਟੀ ਦੇ ਮੈਂਬਰਾਂ ਹਰਜਿੰਦਰ ਸਿੰਘ, ਤੇਜਿੰਦਰਪਾਲ ਸਿੰਘ ਸਿੱਧੂ, ਜਗਨਿੰਦਰ ਸਿੰਘ, ਗੁਰਿੰਦਰ ਸਿੰਘ, ਭਗਵਾਨ ਸਿੰਘ, ਗੁਰਚਰਨ ਸਿੰਘ, ਭੁਪਿੰਦਰ ਸਿੰਘ, ਸਿੰਗਾਰਾ ਸਿੰਘ, ਕਮਲਜੀਤ ਸਿੰਘ, ਬਲਵੀਰ ਸਿੰਘ, ਤਰਲੋਕ ਸਿੰਘ ਅਤੇ ਭੁਪਿੰਦਰ ਸਿੰਘ ਆਦਿ ਨੇ ਰੋਸ ਪ੍ਰਗਟ ਕਰੇ ਹੋਏ ਆਖਿਆ ਕਿ ਜਦੋਂ 2023 ਵਿਚ ਰੇਤ ਮਾਫੀਏ ਦੇ ਨਾਲ-ਨਾਲ ਦੂਜੇ ਪਾਸੇ ਵਾਲੀਆਂ ਜ਼ਮੀਨਾਂ ਦੇ ਮਾਲਕਾਂ ਨੇ ਆਪਣੀਆਂ ਜ਼ਮੀਨਾਂ ਵਿਚੋਂ ਰੇਤਾ ਚੁਕਵਾਉਣ ਦੇ ਮਨਸ਼ੇ ਨਾਲ ਦਰਿਆ ਦੇ ਐਨ ਵਿਚਕਾਰ ਟਿੱਬੇ ਲਗਾ ਦਿੱਤਾ ਤਾਂ ਪਾਣੀ ਦਾ ਰੁਖ ਸਾਡੇ ਪਿੰਡਾਂ ਵੱਲ ਨੂੰ ਹੋ ਗਿਆ ਅਤੇ ਇੱਥੇ ਆ ਕੇ ਦਰਿਆ ਇਕ ਤਰ੍ਹਾਂ ਨਾਲ ਨਹਿਰ ਬਣ ਗਈ | ਜਦਕਿ ਇਸ ਤੋਂ ਕਰੀਬ 2 ਕਿੱਲੋਮੀਟਰ ਚੜ੍ਹਦੇ ਵਾਲੇ ਪਾਸੇ ਦਰਿਆ ਪੂਰੀ ਚੌੜਾਈ ਵਿਚ ਵਗ ਰਿਹਾ ਹੈ | ਉਨ੍ਹਾਂ ਦੱਸਿਆ ਕਿ ਤੇਜ ਪਾਣੀ ਨੇ ਪਹਿਲਾਂ 2023 ਅਤੇ ਹੁਣ ਫਿਰ ਸਾਡੇ ਵਾਲੇ ਪਾਸੇ ਧੁੱਸੀ ਬੰਨ੍ਹ ਨੂੰ ਲਗਾਤਾਰ ਢਾਅ ਲਗਾ ਰੱਖੀ ਹੈ ਅਤੇ ਅਸੀਂ ਕਈ ਦਿਨਾਂ ਤੋਂ ਇਸ ਦਾ ਬਚਾਅ ਕਰਨ ਵਿਚ ਲੱਗੇ ਹੋਏ ਹਾਂ, ਪਰ ਡਰੇਨਜ਼ ਵਿਭਾਗ ਨੂੰ ਅਜੇ ਤੱਕ ਦਰਿਆ ਦੇ ਵਿਚਕਾਰ ਲਗਾਏ ਹੋਏ ਟਿੱਬੇ ਵਿਖਾਈ ਨਹੀਂ ਦੇ ਰਹੇ | ਉਨ੍ਹਾਂ ਇਹ ਵੀ ਦੱਸਿਆ ਕਿ ਸਾਡੇ ਵੱਲ ਧੁੱਸੀ ਬੰਨ੍ਹ ਤੋਂ ਪਾਣੀ ਸਿਰਫ਼ 100 ਫੁੱਟ ਦੀ ਦੂਰੀ 'ਤੇ ਵਗ ਰਿਹਾ ਹੈ ਜਦਕਿ ਦੂਜੇ ਪਾਸੇ ਦਰਿਆ ਦਾ ਬੰਨ੍ਹ ਕਰੀਬ ਇਕ ਮੀਲ ਦੂਰ ਹੈ | ਉਨ੍ਹਾਂ ਮੰਗ ਕੀਤੀ ਕਿ ਪ੍ਰਸ਼ਾਸਨ ਤੁਰੰਤ ਇਸ ਪਾਸੇ ਧਿਆਨ ਦੇ ਕੇ ਇਸ ਧੁੱਸੀ ਬੰਨ੍ਹ ਨੂੰ ਬਚਾਇਆ ਜਾਵੇ |