ਜਗਰਾਉਂ, 21 ਸਤੰਬਰ (ਸ਼ਮਸ਼ੇਰ ਸਿੰਘ ਗਾਲਿਬ)-ਅਖਾੜਾ ਨਹਿਰ ਤੋਂ ਪਿੰਡ ਮਾਣੂੰਕੇ ਨੂੰ ਜਾਂਦੀ ਿਲੰਕ ਸੜਕ ਦੀ ਤਰਸਯੋਗ ਹਾਲਤ ਕਾਰਨ ਲੋਕਾਂ ਦਾ ਜਾਣਾ-ਆਉਣਾ ਔਖਾ ਹੋਇਆ ਹੈ | ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾਂ ਤਹਿਤ ਬਣੀ ਇਸ ਸੜਕ ਦੀ ਲੰਬਾਈ 12 ਕਿਲੋਮੀਟਰ ਤੋਂ ਵੱਧ ਹੈ | ਇਹ ਸੜਕ ਜਗਰਾਉਂ-ਰਾਏਕੋਟ ਰੋਡ ਤੋਂ ਪਿੰਡ ਅਖਾੜਾ, ਭੰਮੀਪੁਰਾ ਹੁੰਦੀ ਹੋਈ ਪਿੰਡ ਮਾਣੂੰਕੇ ਰਾਹੀਂ ਸ੍ਰੀ ਗੁਰੂ ਗੋਬਿੰਦ ਸਿੰਘ ਮਾਰਗ ਨਾਲ ਜੋੜਦੀ ਹੈ | ਇਹੀ ਨਹੀਂ ਇਸ ਸੜਕ ਰਾਹੀਂ ਵਾਇਆ ਹਠੂਰ ਦੇ ਰਸਤੇ ਬਰਨਾਲਾ ਨਾਲ ਜੁੜਿਆ ਜਾਂਦਾ ਹੈ | ਜਗਰਾਉਂ ਤੋਂ ਬਰਨਾਲਾ ਅਤੇ ਬਰਨਾਲਾ ਤੋਂ ਜਲੰਧਰ ਲਈ ਵਿਸ਼ੇਸ਼ ਬੱਸਾਂ ਵੀ ਲੱਗੀਆਂ ਹੋਈਆਂ ਹਨ | ਜਿੱਥੇ ਇਸ ਸੜਕ ਦੀ ਮਾੜੀ ਹਾਲਤ ਨੂੰ ਲੈ ਕੇ ਨੇੜਲੇ ਪਿੰਡਾਂ ਦੇ ਲੋਕ ਬੇਹੱਦ ਪ੍ਰੇਸ਼ਾਨ ਹਨ, ਉੱਥੇ ਹੀ ਇਸ ਥਾਂ-ਥਾਂ ਪਏ ਟੋਇਆਂ ਕਾਰਨ ਅਕਸਰ ਹੀ ਹਾਦਸੇ ਵਾਪਰੇ ਰਹਿੰਦੇ ਹਨ, ਪ੍ਰੰਤੂ ਹੁਣ ਹੋਈਆਂ ਬਰਸਾਤਾਂ ਕਾਰਨ ਸੜਕਾਂ ਦਾ ਬੁਰਾ ਹਾਲ ਹੋ ਗਿਆ ਹੈ | ਸੜਕਾਂ ਟੁੱਟੜ ਕਾਰਨ ਵਹੀਕਲਾਂ 'ਤੇ ਆਉਣਾ-ਜਾਣਾ ਔਖਾ ਹੋ ਗਿਆ ਹੈ | ਇਸ ਦਾ ਫਇਦਾ ਨਸ਼ੇੜੀ ਕਿਸਮ ਦੇ ਨੌਜਵਾਨਾਂ ਨੂੰ ਹੋ ਰਿਹਾ ਹੈ, ਜੋ ਇਸ ਮੌਕੇ ਲੁੱਟਾਂ ਖੋਹਾਂ ਨੂੰ ਸੌਖਾ ਅੰਜਾਮ ਦੇ ਰਹੇ ਹਨ | ਪੰਜਾਬ ਸਰਕਾਰ ਤੋਂ ਪਿੰਡ ਅਖਾੜਾ ਦੇ ਸਰਪੰਚ ਬਲਗੀਤ ਕੌਰ ਅਤੇ ਪਿੰਡ ਭੰਮੀਪਾਰਾ ਦੇ ਸਾਬਕਾ ਸਰਪੰਚ ਕੈਪਟਨ ਬਲੌਰ ਸਿੰਘ ਨੇ ਹਲਕਾ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਅਤੇ ਲੋਕ ਨਿਰਮਾਣ ਵਿਭਾਗ ਨੂੰ ਅਪੀਲ ਕਰਕੇ ਇਸ ਸੜਕ ਦੀ ਤਰਸਯੋਗ ਹਾਲਤ ਨੂੰ ਸੁਧਾਰਨ ਦੀ ਮੰਗ ਕੀਤੀ ਹੈ | ਇਸ ਮੌਕੇ ਡਾ. ਇਕਬਾਲ ਸਿੰਘ ਬਰਿਆਰ, ਗੁਰਸੇਵਕ ਸਿੰਘ ਬਰਿਆਰ, ਦਰਸ਼ਨ ਸਿੰਘ, ਬਲਦੇਵ ਸਿੰਘ ਬੁੱਟਰ, ਤੇਜ ਸਿੰਘ, ਸੁਖਜੀਤ ਸਿੰਘ ਬਰਿਆਰ ਆਦਿ ਨੇ ਆਖਿਆ ਕਿ ਉਹ ਇਸ ਸੜਕ ਦੀ ਮਾੜੀ ਹਾਲਤ ਨੂੰ ਲੈ ਕੇ ਬੇਹੱਦ ਪ੍ਰੇਸ਼ਾਨ ਹਨ | ਇਸ ਸਬੰਧੀ ਮਾਰਕੀਟ ਕਮੇਟੀ ਹਠੂਰ ਦੇ ਚੇਅਰਮੈਨ ਕਰਮਜੀਤ ਸਿੰਘ ਡੱਲਾ ਨਾਲ ਗੱਲਬਾਤ ਕਰਨ 'ਤੇ ਉਨ੍ਹਾਂ ਦੱਸਿਆ ਕਿ ਇਸ ਸੜਕ ਦਾ ਟੈਂਡਰ ਹੋ ਚੁੱਕਿਆ ਹੈ ਤੇ ਇਸ ਦੇ ਨਿਰਮਾਣ ਕਾਰਜ ਦਾ ਕੰਮ ਜਲਦ ਸ਼ੁਰੂ ਹੋ ਜਾਵੇਗਾ | ਸ: ਡੱਲਾ ਅਨੁਸਾਰ ਇਹ ਸੜਕ ਹਠੂਰ ਅਤੇ ਜਗਰਾਉਂ ਦੋਵੇਂ ਕਮੇਟੀਆਂ ਅਧੀਨ ਹੀ ਪੈਂਦੀ ਹੈ ਤੇ ਉਨ੍ਹਾਂ ਦੀ ਕੋਸ਼ਿਸ਼ ਰਹੇਗੀ ਕਿ ਇਸ ਸੜਕ ਨੂੰ ਪਹਿਲ ਦੇ ਅਧਾਰ 'ਤੇ ਬਣਾਇਆ ਜਾਵੇ |
ਅਖਾੜਾ ਨਹਿਰ ਤੋਂ ਮਾਣੂੰਕੇ ਤੱਕ ਸੜਕ ਦੀ ਖਸਤਾ ਹਾਲਤ ਕਾਰਨ ਲੋਕ ਪ੍ਰੇਸ਼ਾਨ
ਅਜੀਤ ਡੈਸਕ
22-09-2025