ਪੰਜਾਬ ਤੇ ਹਰਿਆਣਾ ਹਾਈਕੋਰਟ ਵਲੋਂ ਵਿਵਾਦਿਤ ਕੋਠੀ ਮਾਮਲੇ 'ਚ ਵਿਧਾਇਕਾ ਬੀਬੀ ਮਾਣੂੰਕੇ ਨੂੰ ਕਲੀਨ ਚਿੱਟ
ਅਜੀਤ ਡੈਸਕ
22-09-2025
ਜਗਰਾਉਂ, 21 ਸਤੰਬਰ (ਸ਼ਮਸ਼ੇਰ ਸਿੰਘ ਗਾਲਿਬ)- ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਐਨ.ਆਰ.ਆਈ.ਦੀ ਵਿਵਾਦਿਤ ਕੋਠੀ ਦੇ ਮਾਮਲੇ ਦਾ ਫ਼ੈਸਲਾ ਕਰਦਿਆਂ ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਨੂੰ ਵੱਡੀ ਰਾਹਿਤ ਦੇ ਕੇ ਕਲੀਨ ਚਿੱਟ ਦੇ ਦਿੱਤੀ ਗਈ ਹੈ | ਇਥੇ ਦੱਸਣਯੋਗ ਹੈ ਕਿ ਐੱਨ.ਆਰ.ਆਈ. ਅਮਰਜੀਤ ਕੌਰ ਵਲੋਂ ਲਗਾਇਆ ਗਿਆ ਫਰਜ਼ੀ ਕੇਸ ਸੀ.ਆਰ.ਐੱਮ.ਐੱਮ.-41327-2023 ਖਾਰਜ ਕਰ ਦਿੱਤਾ ਗਿਆ ਹੈ | ਜਿਸ ਵਿੱਚ ਅੱੈਨ.ਆਰ.ਆਈ. ਅਮਰਜੀਤ ਕੌਰ ਵਲੋਂ ਦੋਸ਼ ਲਗਾਇਆ ਗਿਆ ਸੀ, ਕਿ ਉਸ ਦੀ ਜਗਰਾਉਂ ਦੇ ਹੀਰਾ ਬਾਗ ਵਿਚ ਸਥਿਤ ਕੋਠੀ ਉੱਪਰ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਵਲੋਂ ਕਬਜ਼ਾ ਕੀਤਾ ਹੈ | ਬੀਬੀ ਮਾਣੂੰਕੇ ਅਨੁਸਾਰ ਸਿਆਸੀ ਵਿਰੋਧੀਆਂ ਵਲੋਂ ਸਾਲ 2023 ਵਿਚ ਟਾਰਗੇਟ ਕਰਕੇ ਪਰਿਵਾਰ ਨੂੰ ਬਦਨਾਮ ਕਰਨ ਦੇ ਯਤਨ ਕੀਤੇ ਗਏ ਸਨ | ਇਹ ਮਾਮਲਾ ਪੰਜਾਬ ਵਿਚ ਹੀ ਨਹੀਂ, ਬਲਕਿ ਦੇਸ਼-ਪ੍ਰਦੇਸ਼ ਵਿਚ ਵੀ ਵੱਡੀ ਪੱਧਰ 'ਤੇ ਗੂੰਜਿਆ ਸੀ | ਹੁਣ ਇਸ ਮਾਮਲੇ ਵਿਚ ਆਮ ਆਦਮੀ ਪਾਰਟੀ ਦੇ ਹਲਕਾ ਜਗਰਾਉਂ ਤੋਂ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਅਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਕਲੀਨ ਚਿੱਟ ਮਿਲਣ ਨਾਲ ਉਨ੍ਹਾਂ ਸਮਰਥਕਾਂ ਅਤੇ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਵਿਚ ਭਾਰੀ ਖੁਸ਼ੀ ਪਾਈ ਜਾ ਰਹੀ ਹੈ | ਇਸ ਮੌਕੇ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਧੰਨਵਾਦ ਕਰਦਿਆਂ ਆਖਿਆ ਕਿ 'ਵਾਹਿਗੁਰੂ ਦੇ ਘਰ ਵਿਚ ਦੇਰ ਹੈ, ਅੰਧੇਰ ਨਹੀਂ ਹੈ' ਅਤੇ ਕੋਈ ਕਿੰਨਾ ਵੀ ਕੂੜ ਪ੍ਰਚਾਰ ਕਰ ਲਵੇ, ਆਖਿਰ ਸੱਚ ਦੀ ਹੀ ਜਿੱਤ ਹੁੰਦੀ ਹੈ | ਵਿਧਾਇਕਾ ਮਾਣੂੰਕੇ ਨੇ ਆਖਿਆ ਕਿ ਜਗਰਾਉਂ ਹਲਕੇ ਦੇ ਪਿੰਡ ਮਾਣੂੰਕੇ ਵਿਖੇ ਇਕ ਆਮ ਕਿਰਤੀ ਪਰਿਵਾਰ 'ਚੋਂ ਹਨ | ਉਨ੍ਹਾਂ ਦੇ ਪਿਤਾ ਜੀ, ਜੋ ਕਿ ਅਧਿਆਪਕ ਜਥੇਬੰਦੀਆਂ ਵਿਚ ਇਕ ਸਰਗਰਮ ਆਗੂ ਵਜੋਂ ਰੋਲ ਨਿਭਾਉਂਦੇ ਰਹੇ ਹਨ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਧਰਤੀ ਨਾਲ ਜੁੜੀ ਹੋਈ ਇੱਕ ਆਮ ਘਰ ਦੀ ਧੀ ਨੂੰ ਸਾਲ 2017 'ਚ ਐੱਮ.ਐੱਲ.ਏ. ਦੀ ਟਿਕਟ ਦਿੱਤੀ ਅਤੇ ਵਿਰੋਧੀ ਉਮੀਦਵਾਰ ਨੂੰ ਲਗਭਗ 27 ਹਜ਼ਾਰ ਦੇ ਵੱਡੇ ਫਰਕ ਨਾਲ ਹਰਾਇਆ | ਉਸ ਉਪਰੰਤ ਦੂਜੀ ਵਾਰ ਆਮ ਘਰ ਦੀ ਕੁੜੀ ਨੇ 2022 'ਚ ਲਗਭਗ 40 ਹਜ਼ਾਰ ਦੇ ਵੱਡੇ ਫਰਕ ਨਾਲ ਚੋਣ ਜਿੱਤ ਲਈ | ਉਨ੍ਹਾਂ ਕਿਹਾ ਕਿ ਇਕ ਆਮ ਘਰ ਦੀ ਕੁੜੀ ਦਾ ਲਗਾਤਾਰ ਦੂਜੀ ਵਾਰ ਹਲਕਾ ਜਗਰਾਉਂ ਤੋਂ ਵਿਧਾਇਕ ਚੁਣੇ ਜਾਣਾ ਵਿਰੋਧੀ ਪਾਰਟੀਆਂ ਦੇ ਸਿਆਸੀ ਆਗੂਆਂ ਨੂੰ ਹਜਮ ਨਹੀਂ ਹੋਇਆ |
ਕੂੜ ਪ੍ਰਚਾਰ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕਰਾਂਗੇ-ਪ੍ਰੋ: ਸੁਖਵਿੰਦਰ ਸਿੰਘ
ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਨੂੰ ਮਿਲੀ ਕਲੀਨ ਚਿੱਟ ਤੋਂ ਬਾਅਦ ਉਨ੍ਹਾਂ ਦੇ ਪਤੀ ਅਤੇ ਆਮ ਆਦਮੀ ਪਾਰਟੀ ਦੇ ਆਗੂ ਪ੍ਰੋਫੈਸਰ ਸੁਖਵਿੰਦਰ ਸਿੰਘ ਨੇ ਇਨਸਾਫ਼ ਦੇਣ ਲਈ ਕੋਰਟ ਦਾ ਧੰਨਵਾਦ ਕਰਦਿਆਂ ਕੂੜ ਪ੍ਰਚਾਰ ਕਰਨ ਵਾਲਿਆਂ ਅਤੇ ਮਨਘੜਤ ਖ਼ਬਰਾਂ ਬਣਾ ਕੇ ਸ਼ੋਸ਼ਲ ਮੀਡੀਆ ਰਾਹੀਂ ਬਦਨਾਮ ਕਰਨ ਵਾਲਿਆਂ ਵਿਰੁੱਧ ਚਿਤਾਵਨੀ ਦਿੰਦਿਆਂ ਕਿਹਾ ਕਿ ਉਨ੍ਹਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ | ਇਸ ਮੌਕੇ ਪ੍ਰੋਫੈਸਰ ਸੁਖਵਿੰਦਰ ਸਿੰਘ ਨੇ ਲੋਕਾਂ ਨੂੰ ਅਪੀਲ ਕਰਦਿਆਂ ਆਖਿਆ ਕਿ ਉਹ ਕੂੜ ਪ੍ਰਚਾਰ ਕਰਨ ਵਾਲਿਆਂ ਤੋਂ ਸੁਚੇਤ ਰਹਿਣ |