ਗੁਰੂਸਰ ਸੁਧਾਰ, 21 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)-ਜੀ.ਐੱਚ.ਜੀ.ਖ਼ਾਲਸਾ ਕਾਲਜ ਗੁਰੂਸਰ ਸੁਧਾਰ ਦੇ ਰੈੱਡ ਰੀਬਨ ਕਲੱਬ ਵਲੋਂ ਪਿ੍ੰ. ਪ੍ਰੋ: ਇੰਦਰਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ, ਪ੍ਰੋਗਰਾਮ ਅਫ਼ਸਰ ਨਵਜੀਤ ਸਿੰਘ ਦੀ ਅਗਵਾਈ ਤੇ ਕਾਲਜ ਦੀ ਐੱਨ.ਐੱਸ.ਐੱਸ. ਯੂਨਿਟ ਦੇ ਸਹਿਯੋਗ ਨਾਲ 'ਨਸ਼ਾ ਮੁਕਤੀ' ਵਿਸ਼ੇ 'ਤੇ ਜਾਗਰੂਕਤਾ ਰੈਲੀ ਕੱਢੀ ਤੇ ਪੋਸਟਰ ਬਨਾਉਣ ਦੇ ਮੁਕਾਬਲਿਆਂ 'ਚ ਹਿੱਸਾ ਲਿਆ | ਪ੍ਰੋਗਰਾਮ ਦਾ ਮੁੱਖ ਮੰਤਵ ਵਿਦਿਆਰਥੀ ਵਰਗ ਸਮੇਤ ਆਮ ਲੋਕਾਂ ਤੇ ਖ਼ਾਸਕਰ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਸਬੰਧੀ ਜਾਗਰੂਕ ਕਰਨ ਅਤੇ ਨਸ਼ਿਆਂ ਦਾ ਤਿਆਗ ਕਰਕੇ ਇਕ ਚੰਗੀ ਸਿਹਤਮੰਦ ਜ਼ਿੰਦਗੀ ਜਿਉਣ ਸਬੰਧੀ ਸੀ | ਨਸ਼ਿਆਂ ਵਿਰੁੱਧ ਕੱਢੀ ਜਾਗਰੂਕਤਾ ਰੈਲੀ ਵਿਚ 50 ਤੋਂ ਵਧੇਰੇ ਵਿਦਿਆਰਥੀਆਂ ਨੇ ਹਿੱਸਾ ਲਿਆ ਤੇ ਜਿਨ੍ਹਾਂ ਹੱਥਾਂ ਵਿਚ ਬੈਨਰ ਤੇ ਤਖ਼ਤੀਆਂ ਫੜ੍ਹ ਕੇ ਲੋਕਾਂ ਨੂੰ ਨਸ਼ਿਆਂ ਦਾ ਤਿਆਗ ਕਰਨ ਦਾ ਹੋਕਾ ਦਿੱਤਾ ਤੇ ਅਪੀਲ ਕੀਤੀ | ਨਸ਼ਿਆਂ ਦੇ ਮਾੜੇ ਪ੍ਰਭਾਵਾਂ ਨੂੰ ਲੈਕੇ 20 ਵਿਦਿਆਰਥੀਆਂ ਨੇ ਪੋਸਟਰ ਬਨਾਉਣ ਦੇ ਮੁਕਾਬਲਿਆਂ ਵਿਚ ਹਿੱਸਾ ਲਿਆ | ਕਾਲਜ ਪਿ੍ੰ.ਪ੍ਰੋ. ਇੰਦਰਜੀਤ ਸਿੰਘ, ਐੱਨ.ਐੱਸ.ਐੱਸ. ਦੇ ਪ੍ਰੋ. ਬੋਹੜ ਸਿੰਘ, ਪ੍ਰੋ. ਕਰਮਜੀਤ ਕੌਰ, ਪ੍ਰੋ. ਸ਼ੈਲਕਾ ਨੇ ਆਪਣੇ ਸੰਬੋਧਨ ਦੌਰਾਨ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਬਾਰੇ ਚਾਨਣਾ ਪਾਇਆ ਤੇ ਨਿਰੋਏ ਸਮਾਜ ਦੀ ਸਥਾਪਨਾ ਤੇ ਜ਼ੋਰ ਦਿੱਤਾ |