ਗੁਰੂਸਰ ਸੁਧਾਰ, 24 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ, ਜਗਪਾਲ ਸਿੰਘ ਸਿਵੀਆਂ)-ਸਥਾਨਕ ਗੁਰੂ ਹਰਿਗੋਬਿੰਦ ਖ਼ਾਲਸਾ ਕਾਲਜ ਗੁਰੂਸਰ ਸੁਧਾਰ ਵਿਖੇ ਅੱਜ ਕਾਫ਼ਲਾ ਜੀਵੇ ਪੰਜਾਬ ਸੰਸਥਾ ਦੀ ਲਘੂ ਫ਼ਿਲਮ 'ਸਿਉਂਕ' ਨੂੰ ਪ੍ਰਦਰਸ਼ਿਤ ਕਰਕੇ ਵਿਦਿਆਰਥੀ ਵਰਗ ਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਮੁਕਤ ਹੋਣ ਦਾ ਜ਼ੋਰਦਾਰ ਹੋਕਾ ਦਿੱਤਾ ਗਿਆ | ਸਮਾਗਮ ਦੌਰਾਨ ਕਾਲਜ ਦੇ ਸੈਮੀਨਾਰ ਹਾਲ ਵਿਖੇ ਪਹੁੰਚਣ ਵਾਲੀਆਂ ਸ਼ਖ਼ਸੀਅਤਾਂ ਮੁੱਖ ਮਹਿਮਾਨ ਡਾ: ਨਿਰਮਲ ਸਿੰਘ ਜੌੜਾ ਨਿਰਦੇਸ਼ਕ ਵਿਦਿਆਰਥੀ ਭਲਾਈ ਪੀ.ਏ.ਯੂ.ਲੁਧਿਆਣਾ, ਸਾਬਕਾ ਡੀ.ਆਈ.ਜੀ. ਤੇ ਕਾਫ਼ਲਾ ਜੀਵੇ ਪੰਜਾਬ ਦੇ ਗੁਰਪ੍ਰੀਤ ਸਿੰਘ ਤੂਰ, ਡਾਇਰੈਕਟਰ ਦਵਿੰਦਰ ਸਿੰਘ ਗਿੱਲ, ਪ੍ਰੋਡਕਸ਼ਨ ਐਡਵਾਈਜ਼ਰ ਡਾ: ਹਰਜੀਤ ਸਿੰਘ, ਬਲਜੀਤ ਸਿੰਘ ਰਾਏ, ਤੇਜਪ੍ਰਤਾਪ ਸਿੰਘ ਸੰਧੂ ਆਦਿ ਦਾ ਕਾਲਜ ਪ੍ਰਧਾਨ ਮਨਜੀਤ ਸਿੰਘ ਗਿੱਲ, ਸਕੱਤਰ ਡਾ: ਐੱਸ.ਐੱਸ. ਥਿੰਦ ਨੇ ਨਿੱਘਾ ਸਵਾਗਤ ਕੀਤਾ | ਗੁਰਪ੍ਰੀਤ ਸਿੰਘ ਤੂਰ ਦੀਆਂ ਕਹਾਣੀਆਂ 'ਤੇ ਆਧਾਰਿਤ ਕਰੀਬ ਪੌਣੇ ਘੰਟੇ ਦੀ ਇਸ ਫ਼ਿਲਮ ਨੂੰ ਦਵਿੰਦਰ ਸਿੰਘ ਗਿੱਲ ਵਲੋਂ ਡਾਇਰੈਕਟ ਕੀਤਾ ਗਿਆ ਹੈ ਤੇ ਨਸ਼ਿਆਂ ਵਿਰੁੱਧ ਜਾਗਿ੍ਤੀ ਪੈਦਾ ਕਰਨ ਵਾਲੀ ਇਸ ਫ਼ਿਲਮ ਨੇ ਖਚਾਖਚ ਭਰੇ ਸੈਮੀਨਾਰ ਹਾਲ ਵਿਚ ਵਿਦਿਆਰਥੀਆਂ ਨੂੰ ਕਾਫ਼ੀ ਪ੍ਰਭਾਵਿਤ ਕੀਤਾ | ਆਪਣੇ ਸੰਬੋਧਨ ਦੌਰਾਨ ਡਾ: ਨਿਰਮਲ ਸਿੰਘ ਜੌੜਾ ਨੇ ਕਿਹਾ ਕਿ ਨਸ਼ੇ ਸਮਾਜ ਦਾ ਖ਼ਾਤਮਾ ਕਰ ਰਹੇ ਹਨ ਤੇ ਉਨ੍ਹਾਂ ਵਿਦਿਆਰਥੀ ਵਰਗ ਨੂੰ ਅਪੀਲ ਕੀਤੀ ਕਿ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਸਬੰਧੀ ਸਮਾਜ ਅੰਦਰ ਜਾਗਰੂਕਤਾ ਫੈਲਾਉਣ | ਉਨ੍ਹਾਂ ਕਾਫ਼ਲਾ ਜੀਵੇ ਪੰਜਾਬ ਵਲੋਂ ਸੂਬੇ ਦੀ ਨੌਜਵਾਨੀ ਨੂੰ ਬਚਾਉਣ ਲਈ ਕੀਤੇ ਜਾ ਰਹੇ ਉਦਮਾਂ ਦੀ ਪ੍ਰਸੰਸਾ ਕੀਤੀ | ਡਾ: ਹਰਜੀਤ ਸਿੰਘ ਨੇ ਕਿਹਾ ਕਿ ਗੁਰਪ੍ਰੀਤ ਸਿੰਘ ਤੂਰ ਪੰਜਾਬ ਅੰਦਰ ਨਸ਼ਿਆਂ ਦੇ ਪਸਾਰੇ ਨੂੰ ਲੈ ਕੇ ਬਹੁਤ ਚਿੰਤਤ ਹਨ ਤੇ ਸਾਨੂੰ ਸਭਨਾਂ ਨੂੰ ਇਸ ਕੋਹੜ੍ਹ ਦੇ ਖ਼ਾਤਮੇ ਲਈ ਅੱਗੇ ਆਉਣਾ ਚਾਹੀਦਾ ਹੈ | ਸਾਬਕਾ ਡੀ.ਆਈ.ਜੀ. ਤੇ ਸੰਸਥਾ ਦੇ ਗੁਰਪ੍ਰੀਤ ਸਿੰਘ ਤੂਰ ਨੇ ਆਪਣੀ ਸਰਵਿਸ ਦੌਰਾਨ ਨਸ਼ਿਆਂ ਨਾਲ ਸੰਬੰਧਿਤ ਕਿੱਸਿਆਂ ਨੂੰ ਬਿਆਨ ਕਰਦਿਆਂ ਕਿਹਾ ਕਿ ਨਸ਼ੇ ਸਮਾਜ ਨੂੰ 'ਸਿਉਂਕ' ਦੀ ਤਰ੍ਹਾਂ ਲੱਗ ਗਏ ਹਨ ਤੇ ਪਿੰਡ, ਸ਼ਹਿਰ, ਕਸਬੇ ਪੱਧਰ 'ਤੇ ਇਨ੍ਹਾਂ ਦੇ ਪੂਰਨ ਖ਼ਾਤਮੇ ਲਈ ਵਿਦਿਆਰਥੀ ਤੇ ਨੌਜਵਾਨ ਵਰਗ ਅਹਿਮ ਭੂਮਿਕਾ ਨਿਭਾ ਸਕਦੇ ਹਨ | ਪ੍ਰਧਾਨ ਮਨਜੀਤ ਸਿੰਘ ਗਿੱਲ ਨੇ ਖ਼ਾਲਸਾ ਕਾਲਜ ਸੁਧਾਰ ਵਿਖੇ ਸਭ ਤੋਂ ਪਹਿਲੀ ਵਾਰ ਇਹ ਫ਼ਿਲਮ ਪ੍ਰਦਰਸ਼ਿਤ ਕਰਨ 'ਤੇ ਧੰਨਵਾਦ ਕਰਦਿਆਂ ਕਿਹਾ ਕਿ ਖ਼ਾਲਸਾ ਕਾਲਜਿਜ਼ ਸੁਧਾਰ ਦੇ ਵਿਦਿਆਰਥੀ ਨਸ਼ਿਆਂ ਵਿਰੁੱਧ ਵਿਸ਼ਾਲ ਜਾਗਰੂਕਤਾ ਮੁਹਿੰਮ ਚਲਾਉਣਗੇ | ਪਹੁੰਚੀਆਂ ਸਾਰੀਆਂ ਸ਼ਖ਼ਸੀਅਤਾਂ ਦਾ ਕਾਲਜ ਪ੍ਰਧਾਨ ਮਨਜੀਤ ਸਿੰਘ ਗਿੱਲ, ਸਕੱਤਰ ਡਾ: ਐੱਸ.ਐੱਸ.ਥਿੰਦ, ਪਿ੍ੰਸੀਪਲ ਇੰਦਰਜੀਤ ਸਿੰਘ, ਪਿ੍ੰਸੀਪਲ ਡਾ: ਸਤਵਿੰਦਰ ਕੌਰ, ਪਿ੍ੰਸੀਪਲ ਡਾ: ਪਰਗਟ ਸਿੰਘ ਗਰਚਾ ਵਲੋਂ ਯਾਦਗਾਰੀ ਚਿੰਨ੍ਹ ਭੇਟ ਕਰਕੇ ਵਿਸ਼ੇਸ਼ ਸਨਮਾਨ ਕੀਤਾ ਗਿਆ | ਮੰਚ ਸੰਚਾਲਨ ਦੀ ਭੂਮਿਕਾ ਡਾ: ਸੋਹਨ ਸਿੰਘ ਵਲੋਂ ਬਾਖ਼ੂਬੀ ਨਿਭਾਈ ਗਈ | ਇਸ ਮੌਕੇ ਚਰਨਜੀਤ ਸਿੰਘ ਗਿੱਲ, ਅਵਤਾਰ ਸਿੰਘ ਗਿੱਲ, ਇੰਦਰਜੀਤ ਸਿੰਘ ਧਾਲੀਵਾਲ, ਸਰਪੰਚ ਇੰਦਰਜੀਤ ਸਿੰਘ ਗਿੱਲ ਆਦਿ ਸਮੇਤ ਹੋਰ ਪਤਵੰਤੇ ਸੱਜਣਾਂ ਨੇ ਵੀ ਆਪਣੀ ਹਾਜ਼ਰੀ ਭਰੀ |