ਹਲਵਾਰਾ, 25 ਸਤੰਬਰ (ਮਨਦੀਪ ਸਿੰਘ ਉੱਭੀ)-ਉੱਤਰੀ ਭਾਰਤ ਦੇ ਅਹਿਮ ਹਵਾਈ ਸੈਨਾ ਦੇ ਅੱਡੇ ਕਾਰਨ ਪਿੰਡ ਹਲਵਾਰਾ ਦਾ ਨਾਂਅ ਪਹਿਲਾਂ ਹੀ ਅੰਤਰਰਾਸ਼ਟਰੀ ਪੱਧਰ ਤੱਕ ਚਮਕ ਰਿਹਾ ਹੈ, ਪਰ ਹੁਣ ਇੱਥੇ ਸਿਵਲ ਅੰਤਰਰਾਸ਼ਟਰੀ ਹਵਾਈ ਅੱਡਾ ਬਣਨ ਨਾਲ ਇਹ ਪਿੰਡ ਹੋਰ ਵੀ ਚਰਚਾ 'ਚ ਆ ਗਿਆ ਹੈ | ਪਰ ਹੈਰਾਨੀ ਦੀ ਗੱਲ ਇਹ ਹੈ ਕਿ ਅੰਤਰਾਸ਼ਟਰੀ ਪੱਧਰ ਦੀ ਯਾਤਰਾ ਲਈ ਏਅਰਪੋਰਟ ਇੱਥੇ ਬਣ ਗਿਆ ਹੈ, ਪਰ ਜ਼ਮੀਨੀ ਪੱਧਰ ਦੀ ਹਲਵਾਰਾ ਤੋਂ ਪੱਖੋਵਾਲ ਨੂੰ ਜਾਂਦੀ ਪਿਛਲੇ ਲੰਮੇ ਸਮੇਂ ਤੋਂ ਟੁੱਟੀ ਸੜਕ ਆਖਰ ਕਦੋਂ ਬਣੂਗੀ | ਇਹ ਸਵਾਲ ਲੋਕਾਂ 'ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ | ਉਕਤ ਸੜਕ ਟੁੱਟੀ ਹੋਣ ਕਾਰਨ ਰਾਹਗੀਰ ਇਸ ਰਸਤੇ ਜਾਣਾ ਹੀ ਭੁੱਲ ਗਏ ਹਨ, ਜਿੰਨ੍ਹਾਂ ਨੂੰ ਮਜ਼ਬੂਰੀ ਵੱਸ ਜਾਣਾ ਵੀ ਪੈਂਦਾ ਹੈ ਤਾਂ ਉਹ ਆਪਣੇ ਵਹੀਕਲਾਂ ਅਤੇ ਆਪਣਾ ਨੁਕਸਾਨ ਵੀ ਕਰਵਾ ਲੈਂਦੇ ਹਨ, ਕਿਉਂਕਿ ਇਹ ਸੜਕ ਬੁਰ੍ਹੀ ਤਰ੍ਹਾਂ ਟੁੁੱਟ ਕੇ ਭਿਆਨਕ ਰੂਪ ਧਾਰ ਚੁੱਕੀ ਹੈ | ਫੁੱਟ-ਫੁੱਟ ਡੂੰਘੇ ਅਤੇ 10-10 ਫੁੱਟ ਚੌੜੇ ਟੋਇਆਂ ਕਾਰਨ ਇਸ ਦੀ ਦਸ਼ਾ ਪੂਰੀ ਤਰ੍ਹਾਂ ਵਿਗੜ ਚੁੱਕੀ ਹੈ | ਇੰਝ ਲਗਦਾ ਹੈ ਜਿਵੇਂ ਸੜਕ 'ਚ ਟੋਏ ਨਹੀਂ, ਸਗੋਂ ਟੋਇਆਂ 'ਚ ਸੜਕ ਹੈ | ਲੰਘਣ ਵਾਲਾ ਰਾਹਗੀਰ ਸਰਕਾਰਾਂ ਨੂੰ ਕੋਸਦੇ ਲੰਘਦਾ ਹੈ | ਇਸ ਟੁੱਟੀ ਸੜਕ ਵੱਲ ਜਿੰਨ੍ਹਾਂ ਕਿਸਾਨਾਂ ਦੇ ਖੇਤ ਹਨ, ਉਨ੍ਹਾਂ ਨੂੰ ਤਾਂ ਹਰ ਰੋਜ਼ ਵੱਡੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਤੋਂ ਇਲਾਵਾ ਇਸ ਸੜਕ 'ਤੇ ਸਕੂਲ, ਕਾਲਜ ਵੀ ਹਨ | ਇੰਨ੍ਹਾਂ ਸਕੂਲ ਤੇ ਕਾਲਜ ਦੇ ਬੱਚਿਆਂ ਨੂੰ ਲੈ ਕੇ ਆਉਣ ਜਾਣ ਲਈ ਚੱਲਦੀਆਂ ਬੱਸਾਂ ਨੂੰ ਮਜ਼ਬੂਰਨ ਇੱਥੋਂ ਦੀ ਲੰਘਣਾ ਪੈਂਦਾ ਹੈ | ਇੱਥੇ ਇਹ ਵੀ ਦੱਸਣਯੋਗ ਹੈ ਕਿ ਉਕਤ ਸੜਕ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਪਿੰਡ ਨੂੰ ਜਾਂਦੀ ਸੜਕ ਨਾਲ ਵੀ ਜੋੜਦੀ ਹੈ | ਇਹ ਸੜਕ ਪਹਿਲ ਦੇ ਅਧਾਰ 'ਤੇ ਬਣਨੀ ਚਾਹੀਦੀ ਹੈ | ਜ਼ਿਕਰਯੋਗ ਹੈ ਕਿ ਇਹ ਸੜਕ ਲੋਕ ਨਿਰਮਾਣ ਵਿਭਾਗ ਦੇ ਅਧੀਨ ਬਣਨੀ ਹੈ ਪਰ ਮਹਿਕਮੇ ਅਤੇ ਹਲਕਾ ਵਿਧਾਇਕ ਨਾਲ ਜਦੋਂ ਵੀ ਗੱਲ ਕੀਤੀ ਜਾਂਦੀ ਹੈ ਤਾਂ ਜਲਦੀ ਬਣਨ ਦਾ ਵਾਅਦਾ ਕੀਤਾ ਹੈ | ਆਮ ਲੋਕਾਂ ਦੀ ਪੰਜਾਬ ਸਰਕਾਰ ਨੂੰ ਅਪੀਲ ਹੈ ਕਿ ਇਸ ਸੜਕ ਨੂੰ ਨਵੇਂ ਸਿਰੇ ਤੋਂ ਜਲਦੀ ਬਣਾਇਆ ਜਾਵੇ ਤਾਂ ਜੋ ਰਾਹਗੀਰਾਂ ਦੀਆਂ ਮੁਸ਼ਕਿਲਾਂ ਦਾ ਹੱਲ ਹੋ ਸਕੇ | ਸਰਪੰਚ ਸੁਖਵਿੰਦਰ ਸਿੰਘ ਹਲਵਾਰਾ ਨੇ ਆਖਿਆ ਕਾਂਗਰਸ ਸਰਕਾਰ ਸਮੇਂ ਇਹ ਸੜਕ ਬਣੀ ਸੀ ਉਸ ਸਮੇਂ ਹਲਕਾ ਮਟੀਰੀਅਲ ਵਰਤਣ ਕਾਰਨ ਸੜਕ ਆਪਣੇ ਸਮੇਂ ਤੋਂ ਪਹਿਲਾਂ ਟੁੱਟੀ ਹੈ ਇਸ ਸੜਕ ਨੂੰ ਬਣਾਉਣ ਸਬੰਧੀ ਉਹ ਹਲਕਾ ਵਿਧਾਇਕ ਹਾਕਮ ਸਿੰਘ ਠੇਕੇਦਾਰ ਨੂੰ ਮਿਲੇ ਤਾਂ ਵਿਧਾਇਕ ਵਲੋਂ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਸੜਕ ਬਣਾਉਣ ਲਈ ਕਿਹਾ ਗਿਆ |