ਮੁੱਲਾਂਪੁਰ-ਦਾਖਾ, 25 ਸਤੰਬਰ (ਨਿਰਮਲ ਸਿੰਘ ਧਾਲੀਵਾਲ)-ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਅਤੇ ਸਹਿਕਾਰੀ ਸੰਸਥਾ ਇਫਕੋ ਵਲੋਂ ਮੁੱਖ ਖੇਤੀਬਾੜੀ ਅਫ਼ਸਰ ਲੁਧਿਆਣਾ ਡਾ: ਗੁਰਦੀਪ ਸਿੰਘ ਦੇ ਨਿਰਦੇਸ਼ਾਂ ਤਹਿਤ ਬਲਾਕ ਖੇਤੀਬਾੜੀ ਅਫ਼ਸਰ ਲੁਧਿਆਣਾ ਡਾ. ਦਾਰਾ ਸਿੰਘ ਦੀ ਅਗਵਾਈ ਹੇਠ ਸੀ.ਆਰ.ਐੱਮ. ਸਕੀਮ ਦੇ ਆਈ.ਈ.ਸੀ ਕੰਪੋਨੈਂਟ ਅਧੀਨ ਬਲਾਕ ਲੁਧਿਆਣਾ ਦੇ ਪਿੰਡ ਕੈਲਪੁਰ ਵਿਖੇ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ | ਕਿਸਾਨਾਂ ਦੀ ਇਕੱਤਰਤਾ ਨੂੰ ਸੰਬੋਧਨ ਸਮੇਂ ਏ.ਡੀ.ਓ. ਵੀਰਪਾਲ ਕੌਰ ਨੇ ਕਿਹਾ ਕਿ ਹਵਾ, ਪਾਣੀ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਲਈ ਕਿਸਾਨ ਸਾਉਣੀ ਦੀ ਫ਼ਸਲ ਝੋਨੇ ਦੀ ਕਟਾਈ ਬਾਅਦ ਪਰਾਲੀ ਨੂੰ ਅੱਗ ਨਾ ਲਗਾਉਣ, ਅਜਿਹਾ ਕਰਨ ਨਾਲ ਜਿੱਥੇ ਵਾਤਾਵਰਨ ਉੱਪਰ ਘਾਤਕ ਅਸਰ ਪੈ ਰਿਹਾ ਹੈ, ਉੱਥੇ ਖੇਤ ਅੰਦਰ ਮਿੱਟੀ ਦੀ ਗੁਣਵੱਤਾ ਲਗਾਤਾਰ ਕਮਜ਼ੋਰ ਹੋ ਰਹੀ ਹੈ | ਉਨ੍ਹਾਂ ਦੱਸਿਆ ਕਿ ਸਰਕਾਰ ਵਲੋਂ ਪਰਾਲੀ ਦੀ ਸੰਭਾਲ ਲਈ ਨਵੀਂ ਤਕਨੀਕ ਮਸ਼ੀਨਰੀ ਉੱਪਰ ਸਬਸਿਡੀ ਉਪਲੱਬਧ ਹੈ, ਪਰਾਲੀ ਸੰਭਾਲਣ ਵਾਲੀਆਂ ਮਸ਼ੀਨਾਂ ਦੇ ਨਾਲ ਹੋਰ ਖੇਤੀਬਾੜੀ ਸੰਦਾਂ, ਕਣਕ ਬੀਜਾਂ ਅਤੇ ਜਿਪਸਮ ਉੱਪਰ ਦਿੱਤੀ ਜਾ ਰਹੀ ਸਬਸਿਡੀ ਦਾ ਕਿਸਾਨਾਂ ਨੂੰ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ ਹੈ | ਇਫਕੋ ਦੇ ਜ਼ਿਲ੍ਹਾ ਮੈਨੇਜਰ ਮੋਹਨ ਸਵਰੂਪ ਵਲੋਂ ਕਿਸਾਨਾਂ ਨੂੰ ਹਵਾ, ਪਾਣੀ ਅਤੇ ਮਿੱਟੀ ਦੇ ਪ੍ਰਦੂਸ਼ਣ ਵਿਚ ਕਮੀ ਵਾਲੇ ਨੈਨੋ ਯੂਰੀਆ/ਡੀ.ਏ.ਪੀ. ਤਰਲ ਦੀ ਵਰਤੋਂ ਲਈ ਪ੍ਰੇਰਦਿਆਂ ਕਿਹਾ ਕਿ ਨੈਨੋ ਯੂਰੀਆ/ਡੀ.ਏ.ਪੀ (ਤਰਲ) 500 ਮਿਲੀਲੀਟਰ ਇਕ ਬੋਤਲ ਤਰਲ ਖਾਦ ਦੀ ਇਕ ਬੋਰੀ ਬਰਾਬਰ ਹੈ | ਉਨ੍ਹਾਂ ਕਿਹਾ ਕਿ ਇਫਕੋ ਨੈਨੋ ਤਰਲ ਜਿਥੇ ਕਿਸਾਨਾਂ ਨੂੰ ਸਸਤਾ ਪਵੇਗਾ, ਉਥੇ ਸਾਰਿਆਂ ਲਈ ਸੁਰੱਖਿਅਤ ਅਤੇ ਉਪਜ ਵਧਾਉਣ ਵਾਲਾ ਹੈ | ਇਸ ਸਮੇਂ ਕੋਆਪ੍ਰੇਟਿਵ ਇੰਸਪੈਕਟਰ ਨਵਪ੍ਰੀਤ ਕੌਰ, ਸਰਬਜੀਤ ਸਿੰਘ (ਬੀ.ਟੀ.ਐੱਮ), ਰਾਜਪ੍ਰੀਤ ਕੌਰ, ਜਗਸੀਰ ਸਿੰਘ, ਖੇਤੀਬਾੜੀ ਸਹਿਕਾਰੀ ਸਭਾ ਕੈਲਪੁਰ ਪ੍ਰਧਾਨ ਸਤਨਾਮ ਸਿੰਘ ਬੜੈਚ, ਸਕੱਤਰ ਅਰਵਿੰਦਰ ਸਿੰਘ ਰਕਬਾ, ਕੇਵਲ ਸਿੰਘ ਕੈਲਪੁਰ, ਜੋਗਿੰਦਰ ਸਿੰਘ, ਭੁਪਿੰਦਰ ਸਿੰਘ ਕੈਲਪੁਰ, ਸਵਰਨ ਸਿੰਘ ਕੈਲਪੁਰ, ਤੇਜਿੰਦਰ ਸਿੰਘ ਬੜੈਚ, ਸੁਖਵਿੰਦਰ ਸਿੰਘ ਕੈਲਪੁਰ, ਅਰਸ਼ਦੀਪ ਬੜੈਚ, ਵਰਿੰਦਰ ਸਿੰਘ ਬੜੈਚ, ਸੁਰਜੀਤ ਸਿੰਘ ਬੜੈਚ, ਪਰਮਿੰਦਰ ਸਿੰਘ ਬੜੈਚ, ਗੇਂਦਾ ਸਿੰਘ, ਬਾਬੂ ਸਿੰਘ, ਲਛਮਣ ਸਿੰਘ, ਭੁਪਿੰਦਰ ਸਿੰਘ ਬੜੈਚ, ਹੋਰ ਅਗਾਂਹਵਧੂ ਕਿਸਾਨ ਮੌਜੂਦ ਸਨ |