ਜਗਰਾਉਂ, 26 ਸਤੰਬਰ (ਗੁਰਦੀਪ ਸਿੰਘ ਮਲਕ)-ਬਦਲਾਅ ਵਾਲੀ ਭਗਵੰਤ ਮਾਨ ਸਰਕਾਰ ਨੇ ਇਕ ਬਦਲਾਅ ਇਹ ਵੀ ਲਿਆਂਦਾ ਕਿ ਜਗਰਾਉਂ ਮਾਰਕੀਟ ਕਮੇਟੀ ਦਾ ਚੇਅਰਮੈਨ ਸੱਤ ਮਹੀਨੇ ਬਾਅਦ ਵੀ ਬੁਝਾਰਤ ਬਣਿਆ ਹੋਇਆ ਹੈ | ਹੁਣ ਤਾਂ ਇਹ ਚੇਅਰਮੈਨ ਬੁਝਾਰਤ ਨਾਲੋਂ ਮਜ਼ਾਕ ਜ਼ਿਆਦਾ ਬਣ ਗਿਆ ਹੈ ਕਿਉਂਕਿ ਬਲਦੇਵ ਸਿੰਘ ਨਾਂਅ ਵਾਲੇ ਕਈ ਖੁਦ ਦੇ ਚੇਅਰਮੈਨ ਹੋਣ ਦੇ ਦਾਅਵੇ ਠੋਕੀ ਜਾ ਰਹੇ ਹਨ | ਮਾਰਕੀਟ ਕਮੇਟੀਆਂ ਦੇ ਚੇਅਰਮੈਨਾਂ ਦੀ ਸੂਚੀ ਐਲਾਨ ਕੇ ਸਰਕਾਰ ਵੀ ਚੁੱਪ ਕਰ ਗਈ ਹੈ | ਇਸ ਨੂੰ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਦੀ ਪ੍ਰਤੱਖ ਮਿਸਾਲ ਹੀ ਕਿਹਾ ਜਾਵੇਗਾ | ਸੂਬਾ ਸਰਕਾਰ ਨੇ 24 ਫਰਵਰੀ ਨੂੰ 88 ਮਾਰਕੀਟ ਕਮੇਟੀਆਂ ਦੇ ਚੇਅਰਮੈਨ ਐਲਾਨੇ ਸਨ ਜਿੰਨ੍ਹਾਂ ਵਿਚੋਂ ਹਾਲੇ ਤੱਕ ਜਗਰਾਉਂ ਮਾਰਕੀਟ ਕਮੇਟੀ ਦਾ ਐਲਾਨਿਆ ਬਲਦੇਵ ਸਿੰਘ ਨਾਮ ਦਾ ਚੇਅਰਮੈਨ ਨਹੀਂ ਲੱਭਿਆ | ਪੂਰੇ ਸੱਤ ਮਹੀਨੇ ਬਾਅਦ ਇਕੱਲਾ ਚੇਅਰਮੈਨ ਹੀ 'ਗੁੰਮਸ਼ੁਦਾ' ਨਹੀਂ ਸਗੋਂ ਨੋਟੀਫਿਕੇਸ਼ਨ ਵੀ ਬੁਝਾਰਤ ਹੈ | ਭਗਵੰਤ ਮਾਨ ਸਰਕਾਰ ਨੇ ਜਿਹੜੀ ਚੇਅਰਮੈਨਾਂ ਦੀ ਇਹ ਸੂਚੀ ਜਾਰੀ ਕੀਤੀ ਸੀ ਉਸ ਵਿਚ ਜਗਰਾਉਂ ਮਾਰਕੀਟ ਕਮੇਟੀ ਦੇ ਚੇਅਰਮੈਨ ਦਾ ਨਾਂ ਬਲਦੇਵ ਸਿੰਘ ਦਰਜ ਸੀ | ਪਰ ਅੱਜ ਤੱਕ ਕਿਸੇ ਨੂੰ ਇਹ ਨਹੀਂ ਪਤਾ ਲੱਗ ਸਕਿਆ ਕਿ ਇਹ ਬਲਦੇਵ ਸਿੰਘ ਆਖਰ ਹੈ ਕੌਣ? ਹੁਣ ਤਾਂ ਲੋਕ ਬਲਦੇਵ ਸਿੰਘ ਨੂੰ ਲੱਭ ਕੇ ਥੱਕ ਹਾਰ ਚੁੱਕੇ ਹਨ | ਸੀਨੀਅਰ ਕਾਂਗਰਸੀ ਆਗੂ ਸਾਬਕਾ ਚੇਅਰਮੈਨ ਮੇਜਰ ਸਿੰਘ ਭੈਣੀ ਅਤੇ ਜ਼ਿਲ੍ਹਾ ਕਾਂਗਰਸ ਦਿਹਾਤੀ ਦੇ ਪ੍ਰਧਾਨ ਮੇਜਰ ਸਿੰਘ ਮੁੱਲਾਂਪੁਰ ਨੇ ਇਸ ਨੂੰ ਸਰਕਾਰ ਦੀ ਨਿਕੰਮੀ ਕਾਰਗੁਜ਼ਾਰੀ ਦੀ ਸਭ ਤੋਂ ਵੱਡੀ ਮਿਸਾਲ ਦੱਸਿਆ ਹੈ | ਉਨ੍ਹਾਂ ਦਾ ਕਹਿਣਾ ਸੀ ਕਿ ਸਰਕਾਰੀ ਨਿਯੁਕਤੀ ਸਮੇਂ ਬਾਕਾਇਦਾ ਫਾਈਲ ਬਣਦੀ ਹੈ ਤੇ ਪੜਤਾਲ ਹੁੰਦੀ ਹੈ, ਪਰ ਕਿੰਨੀ ਹੈਰਾਨੀ ਤੇ ਹਾਸੋਹੀਣੀ ਗੱਲ ਹੈ ਕਿ ਜਗਰਾਉਂ ਮਾਰਕੀਟ ਕਮੇਟੀ ਦੇ ਚੇਅਰਮੈਨ ਬਲਦੇਵ ਸਿੰਘ ਦਾ ਕੋਈ ਥਹੁ ਪਤਾ ਹੀ ਨਹੀਂ | ਜਗਰਾਉਂ ਦੇ ਸਾਬਕਾ ਵਿਧਾਇਕ ਐੱਸ.ਆਰ ਕਲੇਰ ਨੇ ਕਿਹਾ ਕਿ ਉਨ੍ਹਾਂ ਕਈ ਸਰਕਾਰਾਂ ਸਮੇਂ ਕੰਮ ਕੀਤਾ ਪਰ ਅਜਿਹੀ ਸਿਰੇ ਦੀ ਲਾਪ੍ਰਵਾਹੀ ਕਦੇ ਨਹੀਂ ਦੇਖੀ | ਜਗਰਾਉਂ ਤੇ ਆਸਪਾਸ ਦੇ ਪਿੰਡਾਂ ਦੇ ਲੋਕ ਤਾਂ ਹੁਣ ਮਜ਼ਾਕ ਕਰਕੇ ਵੀ ਥੱਕ ਗਏ ਲੱਗਦੇ ਹਨ | ਉਨ੍ਹਾਂ ਦਾ ਕਹਿਣਾ ਹੈ ਕਿ ਜੋ ਵੀ ਬਲਦੇਵ ਸਿੰਘ ਚੇਅਰਮੈਨ ਲਾਇਆ ਗਿਆ ਉਹ ਆਪੇ ਸਾਹਮਣੇ ਆਉਣ ਦੀ ਮਿਹਰਬਾਨੀ ਕਰੇ | ਲੋਕ ਅਹੁਦਿਆਂ ਪਿੱਛੇ ਮਰਦੇ ਫਿਰਦੇ ਹਨ ਤੇ ਇਕ ਇਹ ਮਾਰਕੀਟ ਕਮੇਟੀ ਜਗਰਾਉਂ ਹੈ ਜਿਸ ਦਾ ਲਾਇਆ ਗਿਆ ਚੇਅਰਮੈਨ ਸਾਹਮਣੇ ਹੀ ਨਹੀਂ ਆ ਰਿਹਾ | ਮਾਰਕੀਟ ਕਮੇਟੀ ਦੇ ਸੈਕਟਰੀ ਕੰਵਲਪ੍ਰੀਤ ਸਿੰਘ ਕਲਸੀ ਨੇ ਸੰਪਰਕ ਕਰਨ 'ਤੇ ਆਖਿਆ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਅਤੇ ਨਾ ਹੀ ਸਰਕਾਰ ਤੇ ਮੰਡੀ ਬੋਰਡ ਨੇ ਕੋਈ ਪੱਤਰ ਜਾਰੀ ਕੀਤਾ ਹੈ | ਮਾਰਕੀਟ ਕਮੇਟੀ ਜਗਰਾਉਂ ਦੇ ਸਾਬਕਾ ਚੇਅਰਮੈਨ ਸਤਿੰਦਰਪਾਲ ਸਿੰਘ ਗਰੇਵਾਲ ਅਤੇ ਯੂਥ ਕਾਂਗਰਸ ਦੇ ਹਲਕਾ ਪ੍ਰਧਾਨ ਮਨੀ ਗਰਗ ਨੇ ਮੰਗ ਕੀਤੀ ਹੈ ਕਿ ਸਰਕਾਰ ਜਲਦ ਦੱਸੇ ਕਿ ਇਹ ਬਲਦੇਵ ਸਿੰਘ ਕੌਣ ਹੈ ਨਹੀਂ ਤਾਂ ਜਗਰਾਉਂ ਅੰਦਰ ਚੇਅਰਮੈਨ ਦੀ ਗੁੰਮਸ਼ੁਦਗੀ ਦੇ ਪੋਸਟਰ ਲਾਏ ਜਾਣਗੇ |