ਮੁੱਲਾਂਪੁਰ-ਦਾਖਾ, 26 ਸਤੰਬਰ (ਨਿਰਮਲ ਸਿੰਘ ਧਾਲੀਵਾਲ)-ਝੋਨੇ ਦੀ ਪਰਾਲੀ ਨੂੰ ਬਿਨਾਂ ਅੱਗ ਲਗਾਏ ਸੰਭਾਲਣ ਬਾਰੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਬਲਾਕ ਪੱਧਰ 'ਤੇ ਪਿੰਡਾਂ ਦੀ ਚੋਣ ਕਰਕੇ ਪਰਾਲੀ ਪ੍ਰਬੰਧਨ ਲਈ ਕਿਸਾਨ ਜਾਗਰੂਕਤਾ ਕੈਂਪ ਲਗਾਉਣ ਦੀ ਪ੍ਰਕਿਰਿਆ ਸ਼ੁਰੂ ਹੈ, ਇੰਨ੍ਹਾਂ ਕੈਂਪਾਂ ਵਿਚ ਸਬੰਧਿਤ ਬਲਾਕਾਂ ਦੇ ਖੇਤੀਬਾੜੀ ਅਧਿਕਾਰੀਆਂ ਵਲੋਂ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਜਾਗਰੂਕ ਕਰਨ ਦੇ ਨਾਲ ਖੇਤੀਬਾੜੀ ਵਿਭਾਗ ਦੀਆਂ ਸਕੀਮਾਂ ਬਾਰੇ ਵੀ ਜਾਣੂੰ ਕਰਵਾਇਆ ਜਾ ਰਿਹਾ | ਇਹ ਪ੍ਰਗਟਾਵਾ ਮੁੱਖ ਖੇਤੀਬਾੜੀ ਅਫ਼ਸਰ ਲੁਧਿਆਣਾ ਡਾ: ਗੁਰਦੀਪ ਸਿੰਘ ਵਲੋਂ ਕੀਤਾ ਗਿਆ | ਡਾ: ਗੁਰਦੀਪ ਸਿੰਘ ਕਿਸਾਨਾਂ ਨੂੰ ਜਾਗਰੂਕ ਕਰਦਿਆਂ ਦੱਸਿਆ ਕਿ ਪਰਾਲੀ ਨੂੰ ਸਾੜਨ ਨਾਲ ਝੋਨੇ ਦੀ ਫ਼ਸਲ ਦੁਆਰਾ ਲਈ ਗਈ ਨਾਈਟ੍ਰੋਜਨ, ਜੈਵਿਕ ਕਾਰਬਨ, ਫਾਸਫੋਰਸ, ਪੋਟਾਸ਼ੀਅਮ, ਗੰਧਕ ਦਾ ਨੁਕਸਾਨ ਹੋਣ ਕਰਕੇ ਜਿਥੇ ਜ਼ਮੀਨ ਦੀ ਉਪਜਾਊ ਸ਼ਕਤੀ ਘਟ ਜਾਂਦੀ ਹੈ, ਉਥੇ ਪਰਾਲੀ ਦੇ ਧੂੰਏ ਨਾਲ ਜ਼ਹਿਰੀਲੀਆਂ ਗੈਸਾਂ ਵੀ ਵਾਤਾਵਰਨ ਨੂੰ ਦੂਸ਼ਿਤ ਕਰਦੀਆਂ ਹਨ | ਜ਼ਿਲ੍ਹਾ ਖੇਤੀਬਾੜੀ ਅਫ਼ਸਰ ਡਾ: ਗੁਰਦੀਪ ਸਿੰਘ ਨੇ ਕਿਸਾਨਾਂ ਨੂੰ ਦੱਸਿਆ ਕਿ ਹਵਾ, ਪਾਣੀ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਅਤੇ ਨੈਸ਼ਨਲ ਗਰੀਨ ਟਿ੍ਬਿਊਨਲ ਦੀਆਂ ਹਦਾਇਤਾਂ ਉੱਪਰ ਅਮਲ ਕਰਦਿਆ ਕਿਸਾਨ ਵੀਰ ਸਾਉਣੀ ਦੀ ਫ਼ਸਲ ਝੋਨੇ ਦੀ ਕਟਾਈ ਬਾਅਦ ਪਰਾਲੀ ਨੂੰ ਅੱਗ ਨਾ ਲਗਾਉਣ | ਉਨ੍ਹਾਂ ਦੱਸਿਆ ਕਿ ਪਰਾਲੀ ਨੂੰ ਸਾੜਨ ਦੀ ਬਜਾਇ ਮਸ਼ੀਨਰੀ ਨਾਲ ਕੁਤਰ ਕੇ ਧਰਤੀ ਹੇਠ ਮਿਲਾਇਆ ਜਾਵੇ ਜਾਂ ਬਿਜਲੀ ਤਿਆਰ ਕਰਨ ਵਾਲੇ ਬਾਇਓਮਾਸ ਪਲਾਂਟ ਨੂੰ ਵਿਕਰੀ ਵੀ ਕੀਤੀ ਜਾ ਸਕਦੀ ਹੈ | ਇਹ ਵੀ ਦੱਸਿਆ ਗਿਆ ਕਿ ਪਰਾਲੀ ਨੂੰ ਸਾੜਨ ਨਾਲ ਸਾਡੇ ਵਾਤਾਵਰਨ, ਸਿਹਤ 'ਤੇ ਬੜਾ ਮਾਰੂ ਪ੍ਰਭਾਵ ਪੈਂਦਾ | ਖੇਤੀਬਾੜੀ ਵਿਭਾਗ ਵਲੋਂ ਪਰਾਲੀ ਪ੍ਰਬੰਧਨ ਵਾਲੀ ਮਸ਼ੀਨਰੀ ਸਬਸਿਡੀ ਉੱਪਰ ਉਪਲਬਧ ਕਰਵਾਈ ਜਾ ਰਹੀ ਹੈ, ਖੇਤੀਬਾੜੀ ਸੰਦਾਂ/ਮਸ਼ੀਨਰੀ ਉੱਪਰ ਦਿੱਤੀ ਜਾ ਰਹੀ ਸਬਸਿਡੀ ਦਾ ਕਿਸਾਨਾਂ ਨੂੰ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ ਹੈ |