ਜਗਰਾਉਂ, 31 ਅਕਤੂਬਰ (ਹਰਵਿੰਦਰ ਸਿੰਘ ਖ਼ਾਲਸਾ)-ਸਥਾਨਕ ਡਿਸਪੋਜ਼ਲ ਰੋਡ 'ਤੇ ਲੱਗੇ ਕੂੜੇ ਦੇ ਪਹਾੜ ਨੂੰ ਚੁਕਵਾਉਣ ਲਈ ਲੋਕਾਂ ਦਾ ਦਿਨ-ਰਾਤ ਦਾ ਧਰਨਾ ਪੰਜਵੇਂ ਦਿਨ ਵੀ ਜਾਰੀ ਰਿਹਾ | ਅਗਵਾੜ ਖਵਾਜਾ ਬਾਜ਼ੂ ਦੇ ਸਰਪੰਚ ਬਲਜਿੰਦਰ ਸਿੰਘ ਦੀ ਅਗਵਾਈ 'ਚ ਚੱਲ ਰਹੇ ਧਰਨੇ 'ਚ ਡਟੇ ਧਰਨਾਕਾਰੀਆਂ ਨੇ ਦੱਸਿਆ ਕਿ ਕੂੜੇ ਦੇ ਇਹ ਪਹਾੜ ਜਦ ਤੱਕ ਪੱਕੇ ਤੌਰ 'ਤੇ ਚੁੱਕੇ ਨਹੀਂ ਜਾਂਦੇ ਤਦ ਤਕ ਇਹ ਧਰਨਾ ਜਾਰੀ ਰਹੇਗਾ | ਨਗਰ ਕੌਂਸਲ ਦੇ ਨਵੇਂ ਤਾਇਨਾਤ ਕਾਰਜਸਾਧਕ ਅਫ਼ਸਰ ਹਰਨਰਿੰਦਰ ਸਿੰਘ ਸ਼ੇਰਗਿੱਲ ਨੇ ਬੀਤੇ ਦਿਨ ਨਗਰ ਸੁਧਾਰ ਸਭਾ ਨਾਲ ਹੋਈ ਮੀਟਿੰਗ 'ਚ ਦੱਸਿਆ ਸੀ ਕਿ ਕੂੜੇ ਦੇ ਪੱਕੇ ਡੰਪ ਲਈ ਜ਼ਮੀਨ ਹਾਸਿਲ ਕਰਨ ਲਈ ਟੈਂਡਰ ਕਾਲ ਕੀਤੇ ਜਾ ਰਹੇ ਹਨ | ਧਰਨੇ ਨੂੰ ਸੰਬੋਧਨ ਕਰਦਿਆਂ ਇਨਕਲਾਬੀ ਕੇਂਦਰ ਪੰਜਾਬ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਕਿਹਾ ਕਿ ਨਗਰ ਕੌਂਸਲ ਹਾਕਮ ਪਾਰਟੀ ਦੀ ਧੜੇਬੰਦਕ ਸਿਆਸਤ ਦੀ ਭੇਟ ਚੜ੍ਹ ਕੇ ਜਗਰਾਉਂ ਸ਼ਹਿਰ ਕੂੜਾ ਨਗਰ ਬਣ ਚੁੱਕਾ ਹੈ | ਸ਼ਹਿਰ ਦੇ ਸਾਰੇ ਵਿਕਾਸ ਕਾਰਜਾਂ ਦਾ ਬੇੜਾ ਗ਼ਰਕ ਹੋ ਚੁੱਕਾ ਹੈ | ਟੁੱਟ ਚੁੱਕੀਆਂ ਸੜਕਾਂ, ਗੰਦਗੀ ਨਾਲ ਤੁੰਨੀਆਂ ਨਾਲੀਆਂ ਤੇ ਸੀਵਰੇਜ, ਬੰਦ ਰੋਸ਼ਨੀਆਂ, ਨਾਜਾਇਜ਼ ਕਬਜ਼ੇ ਰੋਸ਼ਨੀਆਂ ਦੇ ਸ਼ਹਿਰ ਦੇ ਮੱਥੇ 'ਤੇ ਕਾਲਾ ਧੱਬਾ ਹਨ | ਇਸ ਸਮੇਂ ਮਜ਼ਦੂਰ ਆਗੂ ਮਦਨ ਸਿੰਘ ਨੇ ਕਿਹਾ ਕਿ ਲੋਕ ਮਹਿੰਗਾਈ, ਬੇਰੁਜ਼ਗਾਰੀ, ਗਰੀਬੀ ਖ਼ਿਲਾਫ਼ ਲੜਣ ਦੀ ਥਾਂ ਕੂੜਾ ਚੁਕਵਾਉਣ ਲਈ ਲੰਮੇ ਧਰਨੇ ਲਗਾਉਣ ਲਈ ਮਜ਼ਬੂਰ ਹੋਏ ਪਏ ਹਨ | ਇਸੇ ਦੌਰਾਨ ਨਗਰ ਸੁਧਾਰ ਸਭਾ ਦੇ ਪ੍ਰਧਾਨ ਅਵਤਾਰ ਸਿੰਘ ਨੇ ਕਿਹਾ ਕਿ ਜੇਕਰ ਹਾਕਮ ਪਾਰਟੀ ਚਾਹੇ ਤਾਂ ਕੂੜੇ ਦੀ ਸੰਭਾਲ ਦਾ ਮਸਲਾ ਹੱਲ ਹੋ ਸਕਦਾ ਹੈ | ਉਨ੍ਹਾਂ ਚਿਤਾਵਨੀ ਦਿੰਦਿਆ ਕਿਹਾ ਕਿ ਜੇਕਰ ਕੂੜੇ ਦੀ ਸੰਭਾਲ ਦਾ ਕੋਈ ਪੱਕਾ ਹੱਲ ਨਾ ਕੱਢਿਆ ਤਾਂ ਇਸ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ |