ਲੋਹਟਬੱਦੀ, 31 ਅਕਤੂਬਰ (ਕੁਲਵਿੰਦਰ ਸਿੰਘ ਡਾਂਗੋਂ)-ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਵਲੋਂ ਆਏ ਦਿਨ ਕਿਸਾਨਾਂ ਨੂੰ ਫ਼ਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਲਗਾਉਣ ਤੋਂ ਪ੍ਰਹੇਜ਼ ਕਰਨ ਦੇ ਚੱਲਦਿਆਂ ਇਸ ਵਾਰ ਝੋਨੇ ਦੀ ਕਟਾਈ ਉਪਰੰਤ ਲੁਧਿਆਣਾ ਜ਼ਿਲ਼੍ਹੇ ਦੇ ਵੱਖ-ਵੱਖ ਖੇਤੀਬਾੜੀ ਬਲਾਕਾਂ ਅੰਦਰ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ 'ਚ 77 ਫ਼ੀਸਦੀ ਤੋਂ ਜ਼ਿਆਦਾ ਕਮੀ ਦਰਜ ਕੀਤੀ ਗਈ ਹੈ | ਹਰ ਫ਼ਸਲ ਦੀ ਕਟਾਈ ਤੋਂ ਪਹਿਲਾਂ ਖੇਤੀਬਾੜੀ ਵਿਭਾਗ ਅਤੇ ਇੰਟਰ ਮਨਿਸਟਰੀ ਕਮੇਟੀ ਵਲੋਂ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ | ਇਹ ਜਾਣਕਾਰੀ ਡਾ: ਗੁਰਦੀਪ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਜ਼ਿਲ੍ਹਾ ਲੁਧਿਆਣਾ ਦੀ ਅਗਵਾਈ 'ਚ ਦਵਿੰਦਰ ਸਿੰਘ ਖੋਸਾ ਖੇਤੀਬਾੜੀ ਸਹਾਇਕ ਅਫ਼ਸਰ (ਏ.ਡੀ.ਓ) ਬਲਾਕ ਪੱਖੋਵਾਲ ਨੇ ਬੜੂੰਦੀ, ਜੰਡ, ਲਤਾਲਾ, ਰਛੀਨ, ਮਹੇਰਨਾਂ ਕਲਾਂ ਦੇ ਕਿਸਾਨਾਂ ਨੂੰ ਝੋਨੇ ਦੀ ਕਟਾਈ ਉਪਰੰਤ ਪਰਾਲੀ ਨੂੰ ਅੱਗ ਨਾ ਲਗਾਉਣ ਲਈ ਨੁੱਕੜ ਮੀਟਿੰਗਾਂ ਦੌਰਾਨ ਕੀਤਾ | ਉਨ੍ਹਾਂ ਇਸ ਮੌਕੇ ਵੱਖ-ਵੱਖ ਕਿਸਾਨਾਂ ਨੂੰ ਖੇਤੀਬਾੜੀ ਵਿਭਾਗ ਵਲੋਂ ਮੁਫ਼ਤ ਦਿੱਤੇ ਜਾਣ ਵਾਲਾ ਸਰੋਂ ਦਾ ਬੀਜ ਵੀ ਵੰਡਿਆ ਅਤੇ ਸਰੋਂ ਦੀ ਫ਼ਸਲ ਦੀ ਸਹੀ ਸੰਭਾਲ ਬਾਰੇ ਜਾਣੂੰ ਵੀ ਕੀਤਾ | ਦੂਜੇ ਪਾਸੇ ਉਨ੍ਹਾਂ ਦੱਸਿਆ ਕਿ ਖੇਤੀ ਮਸ਼ੀਨਰੀ 'ਤੇ ਸਬਸਿਡੀ ਦੇਣ ਲਈ ਅਨੁਸੂਚਿਤ ਜਾਤੀ ਦੇ ਕਿਸਾਨਾਂ ਦੀ ਮੰਗ ਨੂੰ ਮੁੱਖ ਰੱਖਦਿਆਂ ਪੰਜਾਬ ਸਰਕਾਰ ਨੇ ਐੱਸ.ਸੀ. ਸ਼੍ਰੇਣੀ ਨਾਲ ਸਬੰਧਿਤ ਕਿਸਾਨਾਂ ਪਾਸੋਂ ਬਿਨੈ-ਪੱਤਰਾਂ ਦੀ ਮੰਗ ਕੀਤੀ ਹੈ | ਚਾਹਵਾਨ ਅਤੇ ਸ਼ਰਤਾਂ ਦੀ ਪੂਰਤੀ ਕਰਨ ਵਾਲੇ ਕਿਸਾਨ ਆਪਣੀਆਂ ਅਰਜੀਆਂ ਆਨਲਾਈਨ ਵਿਧੀ ਰਾਹੀਂ ਖੇਤੀਬਾੜੀ ਵਿਭਾਗ ਦੇ ਆਨਲਾਈਨ ਪੋਰਟਲ agrimachinerypb.com 'ਤੇ 3 ਨਵੰਬਰ 2025 ਸ਼ਾਮ 5.00 ਵਜੇ ਤੱਕ ਦੇ ਸਕਦੇ ਹਨ | ਇਸ ਵਿਧੀ 'ਚ ਜੇਕਰ ਫਿਰ ਵੀ ਕਿਸੇ ਕਿਸਾਨ ਨੂੰ ਮੁਸ਼ਕਿਲ ਆਵੇ ਤਾਂ ਉਹ ਸਬੰਧਿਤ ਬਲਾਕ ਖੇਤੀਬਾੜੀ ਅਫ਼ਸਰ ਪੱਖੋਵਾਲ ਸਮੇਤ ਸਹਾਇਕ ਖੇਤੀਬਾੜੀ ਇੰਜੀਨੀਅਰ (ਸੰਦ) ਜਾਂ ਮੁੱਖ ਖੇਤੀਬਾੜੀ ਅਫ਼ਸਰ ਦੇ ਦਫ਼ਤਰ ਨਾਲ ਰਾਬਤਾ ਬਣਾ ਸਕਦੇ ਹਨ | ਇਸ ਦੇ ਨਾਲ ਹੀ ਝੋਨੇ ਦੀ ਪਰਾਲੀ ਨੂੰ ਸੰਭਾਲਣ ਲਈ 50 ਤੋਂ 80 ਫ਼ੀਸਦੀ ਸਬਸਿਡੀ ਜਾਂ ਯੋਜਨਾ ਦੇ ਨਿਯਮਾਂ ਅਨੁਸਾਰ ਸਬਸਿਡੀ ਪ੍ਰਾਪਤ ਕਰਨ ਲਈ ਮਸ਼ੀਨਾਂ ਦੀ ਖ਼ਰੀਦ ਲਈ ਵੀ ਆਨਲਾਈਨ ਅਰਜ਼ੀਆਂ ਦਿੱਤੀਆਂ ਜਾਣ | ਸਰਕਾਰ ਵਲੋਂ ਅਜਿਹੇ ਮਸ਼ੀਨਰੀ ਸੰਦਾਂ ਲਈ ਆਪਣੇ ਪੋਰਟਲ 'ਤੇ ਪਹਿਲਾਂ ਹੀ ਨਿਯਮ ਅਤੇ ਸ਼ਰਤਾਂ ਮੁਹੱਈਆ ਕਰਵਾਈਆਂ ਹੋਈਆਂ ਹਨ | ਇਸ ਏ.ਡੀ.ਓ ਦਵਿੰਦਰ ਸਿੰਘ ਖੋਸਾ, ਮਨਦੀਪ ਸਿੰਘ ਸਕੱਤਰ, ਗੁਰਪ੍ਰੀਤ ਸਿੰਘ ਬੇਲਦਾਰ, ਮਨਦੀਪ ਸਿੰਘ ਦਿਓਲ, ਜਸਪਾਲ ਸਿੰਘ ਪਾਲੀ ਧਾਲੀਵਾਲ ਬੜੂੰਦੀ, ਕਿਸਾਨ ਸੁਖਬੀਰ ਸਿੰਘ ਪ੍ਰੇਮ ਬੜੂੰਦੀ, ਗੁਰਪ੍ਰੀਤ ਸਿੰਘ ਭੈਣੀ, ਕਰਨ ਸਿੰਘ ਸੇਵਾਦਾਰ, ਸਾਧੂ ਸਿੰਘ ਆਦਿ ਹਾਜ਼ਰ ਸਨ |