ਲੋਹਟਬੱਦੀ, 31 ਅਕਤੂਬਰ (ਕੁਲਵਿੰਦਰ ਸਿੰਘ ਡਾਂਗੋਂ)-ਹਿੰਦ ਦੀ ਚਾਦਰ ਨੌਵੇਂ ਪਾਤਿਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅਤੇ ਸ਼ਹੀਦ ਭਾਈ ਮਤੀ ਦਾਸ ਜੀ, ਸ਼ਹੀਦ ਭਾਈ ਦਿਆਲਾ ਜੀ, ਸ਼ਹੀਦ ਭਾਈ ਸਤੀ ਦਾਸ ਜੀ ਦੇ ਸਿਦਕ ਸਵੈਮਾਨ ਬੇ-ਮਿਸਾਲ ਅਦੁੱਤੀਆਂ ਲਾਸਾਨੀ ਸ਼ਹਾਦਤਾਂ ਨੂੰ ਮੁੱਖ ਰੱਖਦਿਆਂ ਖ਼ਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੇ ਸ਼ਤਾਬਦੀ ਸਮਾਗਮਾਂ ਸਮੇਂ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਵਰੋਸਾਈ ਨਿਰਮਲੇ ਸੰਪਰਦਾਇ (ਸ੍ਰੀ ਮੁਕਤਸਰ ਸਾਹਿਬ ਵਾਲੀ) ਦੇ ਅਸਥਾਨ ਗੁਰਦੁਆਰਾ ਬਾਬਾ ਬੁੱਢਾ ਸਰ ਸਾਹਿਬ ਲੋਹਟਬੱਦੀ ਦੇ ਮੌਜੂਦਾ ਮੁਖੀ ਸੰਤ ਬਾਬਾ ਜਸਦੇਵ ਸਿੰਘ ਲੋਹਟਬੱਦੀ ਵਾਲਿਆਂ ਵਲੋਂ ਮਿਤੀ 19 ਨਵੰਬਰ 2025 ਦਿਨ ਬੁੱਧਵਾਰ ਨੂੰ ਗੁਰਦੁਆਰਾ ਬਾਬਾ ਬੁੱਢਾਸਰ ਸਾਹਿਬ ਲੋਹਟਬੱਦੀ ਤੋਂ ਤਖਤ ਸ੍ਰੀ ਕੇਸਗੜ੍ਹ ਸਾਹਿਬ/ਸੀਸਗੰਜ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਤੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ | ਸੰਤ ਬਾਬਾ ਜਸਦੇਵ ਸਿੰਘ ਲੋਹਟਬੱਦੀ ਵਾਲਿਆਂ ਨੇ ਦੱਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸਜਾਏ ਜਾ ਰਹੇ ਵਿਸ਼ਾਲ ਨਗਰ ਕੀਰਤਨ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਸਤਿਕਾਰਤ ਸ਼ਖ਼ਸੀਅਤਾਂ ਤੋਂ ਇਲਾਵਾ ਵੱਖ-ਵੱਖ ਸੰਪਰਦਾਵਾਂ ਦੇ ਸੰਤ-ਮਹਾਂਪੁਰਸ਼, ਵਿਦਵਾਨ ਅਤੇ ਰਾਜਸੀ ਆਗੂ ਹਾਜ਼ਰੀ ਭਰਨਗੇ | ਉਨ੍ਹਾਂ ਦੱਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਨੂੰ ਮੁੱਖ ਰੱਖਦਿਆਂ ਸ੍ਰੀ ਅਨੰਦਪੁਰ ਸਾਹਿਬ ਤੱਕ ਨਗਰ ਕੀਰਤਨ ਦੇ ਰੂਟ/ਰਸਤੇ 'ਚ ਆਉਂਦੇ ਗੁਰੂ ਘਰਾਂ ਦੇ ਪ੍ਰਬੰਧਕਾਂ, ਪੰਚਾਇਤਾਂ, ਨਗਰ ਪੰਚਾਇਤਾਂ, ਨਗਰ ਕੌਂਸਲਾਂ ਦੇ ਕੌਸ਼ਲਰਾਂ ਤੋਂ ਇਲਾਵਾ ਸੰਤਾਂ-ਮਹਾਂਪੁਰਸ਼ਾਂ, ਕਲੱਬ, ਸੁਸਾਇਟੀਜ਼ ਅਹੁਦੇਦਾਰਾਂ ਨਾਲ ਰਾਬਤਾ ਬਣਾ ਕੇ ਤਿਆਰੀ ਕੀਤੀ ਜਾ ਰਹੀ ਹੈ | ਇਸ ਮੌਕੇ ਗੁਰਿੰਦਰ ਸਿੰਘ ਮੰਡ, ਦਵਿੰਦਰ ਸਿੰਘ ਦਿਓਲ ਸਕੱਤਰ, ਗ੍ਰੰਥੀ ਅਵਤਾਰ ਸਿੰਘ, ਰਾਗੀ ਦਰਬਾਰਾ ਸਿੰਘ, ਰਾਗੀ ਭਰਪੂਰ ਸਿੰਘ, ਚੌਧਰੀ ਲਖਵੀਰ ਸਿੰਘ ਸਾਬਕਾ ਸਰਪੰਚ, ਭਾਈ ਗੁਰਲੀਨ ਸਿੰਘ ਲੋਹਟਬੱਦੀ, ਬਾਵਾ ਜੀ, ਗੁਰਜੰਟ ਸਿੰਘ, ਜਸਪਾਲ ਸਿੰਘ, ਗਿਆਨ ਸਿੰਘ, ਸੁਰਜੀਤ ਸਿੰਘ, ਹਰਬੰਸ ਸਿੰਘ, ਮਨਮੋਹਣ ਸਿੰਘ, ਅਮਰਿੰਦਰ ਸਿੰਘ ਦਿਓਲ, ਨਿਰਭੈ ਸਿੰਘ, ਤੀਰਥ ਸਿੰਘ, ਨਾਰੰਗ ਸਿੰਘ, ਗੁਰਮੇਲ ਸਿੰਘ ਭੈਣੀ ਦਰੇੜਾ, ਸੇਵਾਦਾਰ ਕੁਲਦੀਪ ਸਿੰਘ ਆਦਿ ਹਾਜ਼ਰ ਸਨ |