ਮੁੱਲਾਂਪੁਰ-ਦਾਖਾ, 31 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਦੇਸ਼ ਨੂੰ ਆਜ਼ਾਦ ਕਰਾਉਣ ਲਈ ਸ਼ਹੀਦ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਵਲੋਂ ਬਣਾਈ ਗਈ ਜਥੇਬੰਦੀ ਨੌਜਵਾਨ ਭਾਰਤ ਸਭਾ ਦਾ ਸ਼ਤਾਬਦੀ ਸਮਾਰੋਹ ਅਤੇ ਭਾਰਤ ਦੀ ਜਨਵਾਦੀ ਨੌਜਵਾਨ ਸਭਾ (ਡੀ.ਵਾਈ.ਐੱਫ.ਆਈ.) ਦਾ 46ਵਾਂ ਸਥਾਪਨਾ ਦਿਵਸ ਮਨਾਉਣ ਲਈ ਗ਼ਦਰ ਲਹਿਰ ਦੇ ਮਹਾਨ ਸ਼ਹੀਦ ਕਰਤਾਰ ਸਿੰਘ ਸਰਾਭਾ ਜੱਦੀ ਪਿੰਡ ਸਰਾਭਾ ਵਿਖੇ ਸੋਮਵਾਰ 3 ਨਵੰਬਰ ਨੂੰ ਹੋਣ ਵਾਲੀ ਇਕੱਤਰਤਾ ਲਾਮਿਸਾਲ ਬਣੇਗੀ, ਇਹ ਪ੍ਰਗਟਾਵਾ ਜਨਵਾਦੀ ਨੌਜਵਾਨ ਸਭਾ ਡੀ.ਵਾਈ.ਐੱਫ਼.ਆਈ ਦੇ ਸਾਬਕਾ ਸੂਬਾ ਪ੍ਰਧਾਨ ਅਤੇ ਨੌਜਵਾਨ ਭਾਰਤ ਸਭਾ ਸ਼ਤਾਬਦੀ ਸਮਾਰੋਹ ਸਵਾਗਤੀ ਕਮੇਟੀ ਦੇ ਚੇਅਰਮੈਨ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਵਲੋਂ ਕੀਤਾ ਗਿਆ | ਕਾਮਰੇਡ ਸੇਖੋਂ ਨੇ ਕਿਹਾ ਕਿ ਇਸ ਇਤਿਹਾਸਿਕ ਇਕੱਤਰਤਾ ਵਿਚ ਸ਼ਮੂਲੀਅਤ ਕਰਕੇ ਪੰਜਾਬ ਦੇ ਨੌਜਵਾਨ ਨਵੀਂ ਸੇਧ ਲੈਣ ਦੇ ਨਾਲ ਸ਼ਹੀਦਾਂ ਵਲੋਂ ਦਿੱਤੇ ਸੰਦੇਸ਼ ਨਾਲ ਲਾਜ਼ਮੀ ਜੁੜਨ | ਉਨ੍ਹਾਂ ਕਿਹਾ ਕਿ ਭਾਰਤ ਦੀ ਆਜ਼ਾਦੀ ਵਿਚ ਪੰਜਾਬ ਦੇ ਇਨਕਲਾਬੀ ਸੂਰਬੀਰ ਯੋਧਿਆਂ ਦਾ ਅਹਿਮ ਯੋਗਦਾਨ ਹੈ | ਕਾਮਰੇਡ ਸੇਖੋਂ ਨੇ ਪਿੰਡ ਸਰਾਭਾ ਦੇ ਸੂਰਬੀਰਾਂ ਨੂੰ ਯਾਦ ਕਰਦਿਆਂ ਕਿਹਾ ਕਿ ਪਿੰਡ ਸਰਾਭਾ ਦੀ ਧਰਤੀ ਗ਼ਦਰੀ ਬਾਬਿਆਂ, ਯੋਧਿਆਂ ਤੇ ਸ਼ਹੀਦਾਂ ਦੀ ਧਰਤੀ ਹੈ | ਉਨ੍ਹਾਂ ਸ਼ਹੀਦ ਰੁਲੀਆ ਸਿੰਘ ਸਰਾਭਾ, ਸ਼ਹੀਦ ਤੇਜ਼ਾ ਸਿੰਘ ਸਫ਼ਰੀ ਸਰਾਭਾ ਅਤੇ ਸ਼ਹੀਦ ਪ੍ਰੇਮ ਸਿੰਘ ਸਫਰੀ ਸਰਾਭਾ ਨੂੰ ਵੀ ਯਾਦ ਕੀਤਾ | ਸ਼ਤਾਬਦੀ ਸਮਾਰੋਹ ਦੀ ਸਫ਼ਲਤਾ ਲਈ ਸਵਾਗਤੀ ਕਮੇਟੀ ਦੇ ਕਾਰਜਕਾਰੀ ਚੇਅਰਮੈਨ ਹਰਨੇਕ ਸਿੰਘ ਸਰਾਭਾ, ਸਤਿਨਾਮ ਸਿੰਘ ਬੜੈਚ, ਸੁਖਵਿੰਦਰ ਸਿੰਘ ਨਾਗੀ, ਬਲਜੀਤ ਸਿੰਘ ਸਾਹੀ, ਡਾਕਟਰ ਗੁਰਵਿੰਦਰ ਸਿੰਘ, ਬਲਜੀਤ ਸਿੰਘ ਗਰੇਵਾਲ, ਸੁਖਵੀਰ ਸਿੰਘ ਢੰਡਾ, ਬਲਦੇਵ ਸਿੰਘ ਲਤਾਲਾ, ਕਰਮਿੰਦਰ ਸਿੰਘ ਸਰਾਭਾ, ਪਿਆਰਾ ਸਿੰਘ ਸਰਾਭਾ, ਰਾਮ ਆਸਰਾ ਸਰਾਭਾ, ਲਖਵਿੰਦਰ ਸਿੰਘ ਸਰਾਭਾ, ਰਜਿੰਦਰ ਸਿੰਘ ਸਰਾਭਾ, ਪ੍ਰਕਾਸ਼ ਸਿੰਘ ਸਰਾਭਾ, ਬੂਟਾ ਸਿੰਘ ਸਰਾਭਾ, ਕੁਲਜੀਤ ਸਿੰਘ ਸਰਾਭਾ ਸਮਾਗਮ ਦੀਆਂ ਤਿਆਰੀਆਂ ਵਿਚ ਲੱਗੇ ਹੋਏ ਹਨ |