ਜੋਧਾਂ, 31 ਅਕਤੂਬਰ (ਗੁਰਵਿੰਦਰ ਸਿੰਘ ਹੈਪੀ)-ਵਰਧਮਾਨ ਪਾਰਕ ਮਨਸੂਰਾਂ ਵਿਖੇ ਪਾਵਰ ਗਰਿੱਡ ਕਾਰਪੋਰੇਸ਼ਨ ਆਫ ਇੰਡੀਆ (ਅਦਾਰਾ ਭਾਰਤ ਸਰਕਾਰ) ਵਲੋਂ ਭਿ੍ਸ਼ਟਾਚਾਰ ਖ਼ਿਲਾਫ਼ ਵਿਜੀਲੈਂਸ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ | ਇਸ ਮੌਕੇ ਵਾਈ.ਐੱਸ. ਰਾਣਾ ਉੱਪ ਮਹਾਂ ਪ੍ਰਬੰਧਕ ਪਾਵਰ ਗਰਿੱਡ ਅਤੇ ਪੁਨੀਤ ਅਗਰਵਾਲ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਸਾਬਕਾ ਸਰਪੰਚ ਓਮ ਪ੍ਰਕਾਸ਼ ਮਨਸੂਰਾਂ ਦੀ ਅਗਵਾਈ ਵਿਚ ਹੋਏ ਇਸ ਸੈਮੀਨਾਰ ਦੌਰਾਨ ਸੰਬੋਧਨ ਕਰਦਿਆਂ ਵਾਈ.ਐੱਸ. ਰਾਣਾ ਨੇ ਕਿਹਾ ਕਿ ਭਿ੍ਸ਼ਟਾਚਾਰ, ਸਰਕਾਰੀ ਸ਼ਿਕਾਇਤ ਨਿਯਮ ਪ੍ਰਣਾਲੀ ਅਤੇ ਨਾਗਰਿਕਾਂ ਦੀ ਮੌਲਿਕ ਜ਼ਿੰਮੇਵਾਰੀ ਪ੍ਰਤੀ ਵਿਸਥਾਰ ਨਾਲ ਜਾਣਕਾਰੀ ਦਿੱਤੀ | ਉਨ੍ਹਾਂ ਪ੍ਰੇਰਨਾ ਦਿੱਤੀ ਕਿ ਪੂਰੀ ਇਮਾਨਦਾਰੀ ਅਤੇ ਨੈਤਿਕਤਾ ਨਾਲ ਭਿ੍ਸ਼ਟਾਚਾਰ ਖ਼ਿਲਾਫ਼ ਸਾਰਥਿਕ ਰੂਪ ਵਿਚ ਭੂਮਿਕਾ ਨਿਭਾਈ ਜਾਏ | ਸਾਬਕਾ ਸਰਪੰਚ ਓਮ ਪ੍ਰਕਾਸ਼ ਮਨਸੂਰਾਂ ਨੇ ਕਿਹਾ ਕਿ ਭਿ੍ਸ਼ਟਾਚਾਰ ਸਾਡੇ ਦੇਸ਼ ਅਤੇ ਸਮਾਜ ਨੂੰ ਘੁਣ ਵਾਂਗ ਖਾ ਰਿਹਾ ਹੈ, ਭਿ੍ਸ਼ਟਾਚਾਰ ਖ਼ਿਲਾਫ਼ ਜਾਗਰੂਕਤਾ ਅਜੋਕੇ ਸਮੇਂ ਦੀ ਵੱਡੀ ਜ਼ਰੂਰਤ ਬਣ ਗਈ ਹੈ | ਸਾਡੇ ਲੋਕਾਂ ਨੂੰ ਭਿ੍ਸ਼ਟਾਚਾਰ ਖ਼ਿਲਾਫ਼ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ | ਪਾਵਰ ਗਰਿੱਡ ਵਲੋਂ ਲੋਕਾਂ ਨੂੰ ਚੰਗੇ ਵਾਤਾਵਰਨ ਵਾਲੇ ਚਿੱਤਰ ਅਤੇ ਕੂੜਾ ਕਰਕਟ ਦੀ ਸਾਂਭ ਸੰਭਾਲ ਲਈ ਬੈਗ ਵੰਡੇ ਗਏ¢ ਇਸ ਮੌਕੇ ਚੇਅਰਮੈਨ ਸੁਖਦੇਵ ਸਿੰਘ, ਪ੍ਰਧਾਨ ਜਗਦੇਵ ਸਿੰਘ ਸੰਧੂ, ਇੰਦਰਜੀਤ ਸਿੰਘ ਰੇਸ਼ਮ, ਪਲਵਿੰਦਰ ਸਿੰਘ ਪੱਪੂ, ਮਨਦੀਪ ਸਿੰਘ ਸੋਨੂੰ, ਗੁਰਮੁਖ ਸਿੰਘ, ਸੁਖਜੀਤ ਸਿੰਘ ਗੋਲਾ, ਮੇਵਾ ਸਿੰਘ, ਮਾ: ਰਾਜਿੰਦਰ ਸਿੰਘ ਕੈਨੇਡਾ, ਸਰਬਜੀਤ ਸਿੰਘ ਬੰਟੀ, ਬੂਟਾ ਸਿੰਘ ਗਰੇਵਾਲ ਆਦਿ ਹਾਜ਼ਰ ਸਨ |