ਰਾਏਕੋਟ, 2 ਨਵੰਬਰ (ਬਲਵਿੰਦਰ ਸਿੰਘ ਲਿੱਤਰ)-ਲੁਧਿਆਣਾ ਸਹੋਦਿਆ ਸਕੂਲ ਕੰਪਲੈਕਸ ਵਲੋਂ ਕਬੱਡੀ ਟੂਰਨਾਮੈਂਟ ਐਸ.ਜੀ.ਐੱਨ.ਡੀ. ਕਾਨਵੈਂਟ ਸਕੂਲ ਆਂਡਲੂ ਵਿਖੇ ਕਰਵਾਇਆ ਗਿਆ | ਟੂਰਨਾਮੈਂਟ ਦੇ ਪਹਿਲੇ ਦਿਨ ਲੁਧਿਆਣਾ ਵੈਸਟ ਜ਼ੋਨ ਦੇ ਵੱਖ-ਵੱਖ ਸਕੂਲਾਂ ਦੀਆਂ ਅੰਡਰ-14, 17 ਅਤੇ 19 ਸਾਲ ਵਰਗ ਦੀਆਂ ਲੜਕੀਆਂ ਨੇ ਭਾਗ ਲਿਆ | ਇਨ੍ਹਾਂ ਮੁਕਾਬਲਿਆਂ ਵਿਚ ਬਾਬਾ ਈਸ਼ਰ ਸਿੰਘ, ਬਾਬਾ ਕੁੰਦਨ ਸਿੰਘ (ਨ) ਪਬਲਿਕ ਸਕੂਲ ਝੋਰੜਾਂ ਦੀਆਂ ਖਿਡਾਰਨਾਂ ਨੇ ਬਹੁਤ ਹੀ ਵਧੀਆ ਪ੍ਰਦਰਸ਼ਨ ਕਰਦੇ ਹੋਏ ਸਾਰੇ ਹੀ ਗਰੁੱਪਾਂ ਵਿਚ ਮੈਡਲ ਪ੍ਰਾਪਤ ਕੀਤੇ | ਅੰਡਰ-19 ਸਾਲ ਵਰਗ ਵਿਚ ਸਕੂਲ ਦੀਆਂ ਲੜਕੀਆਂ ਨੇ ਪਹਿਲਾਂ ਸਥਾਨ, ਅੰਡਰ-17 ਸਾਲ ਵਰਗ ਵਿਚ ਤੀਜਾ ਸਥਾਨ ਅਤੇ ਅੰਡਰ-14 ਸਾਲ ਵਰਗ ਵਿਚ ਦੂਜਾ ਸਥਾਨ ਹਾਸਲ ਕੀਤਾ | ਮੁਕਾਬਲਿਆਂ ਦੌਰਾਨ ਚੰਗਾ ਪ੍ਰਦਰਸ਼ਨ ਕਰਨ ਅਤੇ ਮੈਡਲ ਪ੍ਰਾਪਤ ਕਰਨ ਲਈ ਸਕੂਲ ਪਿ੍ੰਸੀਪਲ ਪਲਵਿੰਦਰ ਸਿੰਘ ਚੀਮਾ ਨੇ ਸਾਰੀਆਂ ਜੇਤੂ ਖਿਡਾਰੀਆਂ ਨੂੰ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਖੇਡਾਂ ਮਨੁੱਖੀ ਜੀਵਨ ਦਾ ਅਨਿੱਖੜਵਾਂ ਅੰਗ ਹਨ ਅਤੇ ਇਹ ਬੱਚਿਆਂ ਦੇ ਸਰਬਪੱਖੀ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦੀਆਂ ਹਨ | ਇਸ ਮੌਕੇ ਮਨਦੀਪ ਕੌਰ ਬੁੱਟਰ ਡੀ.ਪੀ.ਈ., ਨਵਜੋਤ ਸਿੰਘ ਡੀ.ਪੀ.ਈ., ਬਹਾਲ ਸਿੰਘ, ਦਵਿੰਦਰ ਸਿੰਘ ਹਾਜ਼ਰ ਸਨ |