ਜਗਰਾਉਂ, 5 ਦਸੰਬਰ (ਗੁਰਦੀਪ ਸਿੰਘ ਮਲਕ)-ਕਈ ਸਾਲਾਂ ਤੋਂ ਜਗਰਾਉਂ ਦੀਆਂ ਸੜਕਾਂ ਵੱਲ ਧਿਆਨ ਨਾ ਦੇਣ ਕਾਰਨ ਸ਼ਹਿਰ ਦੀਆਂ ਅਤੇ ਸ਼ਹਿਰ ਨੂੰ ਰੋਜ਼ਾਨਾਂ ਖੇਤਰਾਂ ਨਾਲ ਜੋੜਨ ਵਾਲੀਆਂ ਸੜਕਾਂ ਦਾ ਬੁਰਾ ਹਾਲ ਹੈ, ਜਿਸ ਕਾਰਨ ਰੋਜ਼ਾਨਾ ਰਾਹਗੀਰਾਂ ਦਾ ਜਾਨੀ ਅਤੇ ਮਾਲੀ ਨੁਕਸਾਨ ਹੋ ਰਿਹਾ ਹੈ | ਸ਼ਹਿਰ ਵਿਚ ਦਾਖ਼ਲੇ ਵਾਲੇ ਮੁੱਖ ਤਹਿਸੀਲ ਰੋਡ ਦੀ ਹਾਲਤ ਬਦ ਤੋਂ ਬਦਤਰ ਹੋ ਗਈ ਹੈ | ਤਹਿਸੀਲ ਚੌਕ ਤੋਂ ਲੈ ਕੇ ਰੇਲਵੇ ਪੁਲ ਤੱਕ ਦੇ ਪੰਜ ਸੌ ਮੀਟਰ ਦੇ ਛੋਟੇ ਜਿਹੇ ਹਿੱਸੇ ਵਿਚ ਹੀ ਦਰਜਨਾਂ ਵੱਡੇ-ਵੱਡੇ ਖੱਡੇ ਵਿਕਾਸ ਦੇ ਦਾਅਵਿਆਂ ਦੀ ਫੂਕ ਕੱਢਣ ਲਈ ਕਾਫ਼ੀ ਹਨ | ਇਸ ਸੜਕ ਦੀ ਮਾੜੀ ਹਾਲਤ ਇਕ ਪਾਸੇ ਨਹੀਂ, ਸਗੋਂ ਦੋਵੇਂ ਪਾਸੇ ਹੈ | ਇਥੋਂ ਤੱਕ ਕਿ ਰੇਲਵੇ ਪੁਲ 'ਤੇ ਵੀ ਸੜਕ ਵਿਚ ਵੱਡੇ ਖੱਡੇ ਹਨ | ਇਹ ਸਾਰੇ ਖੱਡੇ ਰੋਜ਼ਾਨਾ ਹਾਦਸਿਆਂ ਦਾ ਕਾਰਨ ਬਣਦੇ ਹਨ | ਸਕੂਟਰ, ਆਟੋ, ਕਾਰਾਂ ਤੇ ਹੋਰ ਵਾਹਨਾਂ 'ਤੇ ਸਵਾਰ ਲੋਕ ਇਨ੍ਹਾਂ ਖੱਡਿਆਂ ਦੇ ਸਾਹਮਣੇ ਆਉਣ 'ਤੇ ਅਚਨਚੇਤ ਕੱਟ ਮਾਰਦੇ ਹਨ | ਅਜਿਹਾ ਕਰਨ ਨਾਲ ਪਿੱਛੋਂ ਆ ਰਹੇ ਵਾਹਨਾਂ ਨਾਲ ਟੱਕਰ ਹੋ ਜਾਂਦੀ ਹੈ | ਦੋ ਪਹੀਆ ਵਾਹਨਾਂ ਵਾਲੇ ਵਧੇਰੇ ਹਾਦਸਿਆਂ ਦਾ ਸ਼ਿਕਾਰ ਹੁੰਦੇ ਹਨ | ਇਨ੍ਹਾਂ ਖੱਡਿਆਂ ਕਰਕੇ ਵਾਹਨਾਂ ਦਾ ਨੁਕਸਾਨ ਵੱਖਰਾ ਹੁੰਦਾ ਹੈ | ਹੈਰਾਨੀ ਦੀ ਗੱਲ ਹੈ ਕਿ ਕਈ ਮਹੀਨੇ ਲੰਘ ਜਾਣ ਮਗਰੋਂ ਵੀ ਪ੍ਰਸ਼ਾਸਨ ਨੇ ਇਹ ਸੜਕ ਬਣਾਉਣ ਦੀ ਥਾਂ ਛੱਡੋ ਖੱਡੇ ਭਰਨ ਦੀ ਵੀ ਲੋੜ ਨਹੀਂ ਸਮਝੀ | ਰੇਲਵੇ ਪੁਲ 'ਤੇ ਪਿਛਲੇ ਦਿਨਾਂ ਵਿਚ ਕਈ ਹਾਦਸੇ ਵਾਪਰੇ ਹਨ | ਇਨ੍ਹਾਂ ਕਰਕੇ ਦੋ ਔਰਤਾਂ ਦੀ ਜਾਨ ਵੀ ਜਾਂਦੀ ਰਹੀ ਹੈ | ਸੜਕ ਦੁਰਘਟਨਾਵਾਂ ਦਾ ਇਕ ਕਾਰਨ ਪੁਲ 'ਤੇ ਇਹ ਖੱਡੇ ਵੀ ਹਨ | ਵਾਹਨ ਚਾਲਕ ਜਦੋਂ ਪੁਲ 'ਤੇ ਚੜ੍ਹ ਜਾਂ ਉੱਤਰ ਰਹੇ ਹੁੰਦੇ ਹਨ ਤਾਂ ਰਫ਼ਤਾਰ ਤੇਜ਼ ਹੋਣ ਕਰਕੇ ਅਚਾਨਕ ਮੂਹਰੇ ਖੱਡਾ ਆਉਣ ਕਰੇ ਉਨ੍ਹਾਂ ਦੀ ਬਚਾਅ ਕਰਨ ਦੀ ਕੋਸ਼ਿਸ਼ ਹੁੰਦੀ ਹੈ | ਅਜਿਹੇ ਮੌਕੇ ਜਾਂ ਤਾਂ ਵਾਹਨ ਸਿੱਧਾ ਖੱਡੇ ਵਿਚ ਜਾਊ ਤੇ ਜਾਂ ਫਿਰ ਖੱਡੇ ਵਿਚ ਡਿੱਗਣ ਤੋਂ ਬਚਾਅ ਲਈ ਕੱਟ ਮਾਰਨਾ ਪੈਂਦਾ ਹੈ | ਇਹੋ ਕਾਰਨ ਹੈ ਕਿ ਪੁਲ 'ਤੇ ਆਏ ਦਿਨ ਵਾਹਨ ਇਕ ਦੂਜੇ ਨਾਲ ਟਕਰਾਅ ਜਾਂਦੇ ਹਨ | ਕੱਚਾ ਮਲਕ ਰੋਡ ਫਾਟਕਾਂ ਤੋਂ ਹਾਈਵੇਅ ਤਕ ਸੜਕ ਨਵੀਂ ਬਣਾ ਦਿੱਤੀ, ਪਰ ਸੀਵਰੇਜ ਵਾਲੇ ਢੱਕਣ ਛੱਡ ਦਿੱਤੇ | ਇਨ੍ਹਾਂ ਵਿਚ ਖੱਡੇ ਵੀ ਹਾਦਸੇ ਦਾ ਕਾਰਨ ਬਣਨ ਲੱਗੇ ਤੇ ਜਦੋਂ ਲੋਕਾਂ ਨੇ ਵਿਰੋਧ ਕੀਤਾ ਤਾਂ ਹੁਣ ਪੁਰਾਣੇ ਢੱਕਣਾਂ 'ਤੇ ਹੀ ਨਹੀਂ ਢੱਕਣ ਰੱਖੇ ਹਨ | ਸ਼ਹੀਦ ਭਗਤ ਸਿੰਘ ਕਲੱਬ ਦੇ ਪ੍ਰਧਾਨ ਰਵਿੰਦਰਪਾਲ ਸਿੰਘ ਰਾਜੂ ਕਾਮਰੇਡ ਨੇ ਕਿਹਾ ਕਿ ਤਹਿਸੀਲ ਰੋਡ ਦੀ ਟੁੱਟੀ ਸੜਕ ਸਰਕਾਰ ਦੇ ਵਿਕਾਸ ਦੇ ਦਾਅਵੇ ਖੋਖਲੇ ਕਰਨ ਲਈ ਕਾਫ਼ੀ ਹੈ | ਜੋ ਰਾਏਕੋਟ ਰੋਡ ਨਵੀਂ ਬਣਾਈ ਸੀ, ਉਹ ਵੀ ਬਣਨ ਤੋਂ ਬਾਅਦ ਪਾਣੀ ਵਾਲੀ ਪਾਈਪਾਂ ਲਈ ਪੁੱਟ ਦਿੱਤੀ | ਹੁਣ ਇਥੋਂ ਸਾਰਾ ਦਿਨ ਉੱਡਦੀ ਧੂੜ ਮਿੱਟੀ ਲੋਕਾਂ ਤੇ ਦੁਕਾਨਦਾਰਾਂ ਲਈ ਵੱਡੀ ਪ੍ਰੇਸ਼ਾਨੀ ਬਣੀ ਹੋਈ ਹੈ | ਕੱਚਾ ਮਲਕ ਰੋਡ ਦੇ ਸੁਭਾਸ਼, ਬਲਦੇਵ ਸਿੰਘ ਕਾਉਂਕੇ, ਵਿਕਰਮ, ਪ੍ਰਧਾਨ ਗੁਰਪ੍ਰੀਤ ਸਿੰਘ ਲੱਕੀ ਨੇ ਕਿਹਾ ਕਿ ਨਵੇਂ ਢੱਕਣ ਲਾਉਣ ਸਮੇਂ ਵੀ ਨਵੀਂ ਸੜਕ ਤੋੜੀ ਗਈ ਜੋ ਹੁਣ ਇਸ ਸੜਕ ਦਾ ਅੱਗੇ ਟੁੱਟਣ ਦਾ ਕਾਰਨ ਬਣੇਗੀ |