ਮੁੱਲਾਂਪੁਰ-ਦਾਖਾ, 7 ਦਸੰਬਰ (ਨਿਰਮਲ ਸਿੰਘ ਧਾਲੀਵਾਲ)-ਗੁਰਦੁਆਰਾ ਸ਼ਹੀਦਗੰਜ ਮੁਸ਼ਕਿਆਣਾ ਸਾਹਿਬ ਪਿੰਡ ਮੁੱਲਾਂਪੁਰ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ, ਗ੍ਰਾਮ ਪੰਚਾਇਤ ਵਲੋਂ ਸਮੂਹ ਸੰਗਤ ਦੇ ਸਹਿਯੋਗ ਨਾਲ ਸ਼ਹੀਦ ਸਿੰਘ-ਸਿੰਘਣੀਆਂ ਦੀ ਯਾਦ ਵਿਚ ਸਾਲਾਨਾ ਜੋੜ ਮੇਲਾ ਤੇ ਧਾਰਮਿਕ ਸਮਾਗਮ ਸ਼ੁਰੂ ਹੋ ਗਿਆ | ਪਹਿਲੇ ਦਿਨ ਸ਼ਾਮ ਦੇ ਦੀਵਾਨ ਸਮੇਂ ਭਾਈ ਜੱਜ ਸਿੰਘ ਦੇ ਕੀਰਤਨੀ ਜਥੇ ਵਲੋਂ ਰਸਭਿੰਨਾ ਕੀਰਤਨ ਕੀਤਾ ਗਿਆ, ਉਪਰੰਤ ਢਾਡੀ ਬਲਦੇਵ ਸਿੰਘ ਰਕਬਾ ਦੇ ਜਥੇ ਵਲੋਂ ਗੁਰੂ ਜਸ ਵਾਰਾਂ ਦਾ ਗਾਇਨ ਕੀਤਾ | ਦੀਵਾਨ ਹਾਲ ਵਿਚ ਜੁੜੀ ਸੰਗਤ ਨਾਲ ਗੁਰ ਇਤਿਹਾਸ ਦੀ ਸਾਂਝ ਪਾਉਂਦਿਆਂ ਭਾਈ ਪਰਮਪ੍ਰੀਤ ਸਿੰਘ ਖ਼ਾਲਸਾ ਨੱਥਮਲਪੁਰ ਵਾਲਿਆਂ ਨੇ ਦੱਸਿਆ ਕਿ ਗੁਰਦੁਆਰਾ ਮੁਸ਼ਕਿਆਣਾ ਸਾਹਿਬ ਮੁੱਲਾਂਪੁਰ ਦੇ ਇਤਿਹਾਸਿਕ ਸਥਾਨ ਉੱਪਰ ਮੁਗਲਾਂ ਵਲੋਂ ਸਿੱਖ ਔਰਤਾਂ ਨੂੰ ਕੈਦ ਕਰਕੇ ਇਸਲਾਮ ਕਬੂਲਣ ਲਈ ਤਸੀਹੇ ਦਿੱਤੇ ਜਾਂਦੇ ਸਨ, ਇੰਨ੍ਹਾਂ ਸਿਦਕੀ ਬੀਬੀਆਂ ਦੀ ਅਗਵਾਈ ਮਾਤਾ ਬਸੰਤ ਕੌਰ ਵਲੋਂ ਕੀਤੀ | ਉਨ੍ਹਾਂ ਕਿਹਾ ਕਿ ਬੀਬੀ ਬਸੰਤ ਕੌਰ, ਭਾਈ ਮਨੀ ਸਿੰਘ ਵਰਗੇ ਹੋਰ ਸ਼ਹੀਦਾਂ ਨੇ ਆਖਰੀ ਦਮ ਤੱਕ ਦਿੜ੍ਹਤਾ ਨਾਲ ਸਿੱਖੀ ਸਿਧਾਤਾਂ ਨੂੰ ਉੱਚਾ ਰੱਖਿਆ | 'ਧਰਮ ਹੇਤ ਸਾਕਾ ਜਿਨਿ ਕੀਆ, ਸੀਸੁ ਦੀਆ ਪਰੁ ਸਿਰਰੁ ਨ ਦੀਆ' ਪੰਗਤੀਆਂ ਦਾ ਉਚਾਰਣ ਕਰਦਿਆਂ ਭਾਈ ਪਰਮਪ੍ਰੀਤ ਸਿੰਘ ਖ਼ਾਲਸਾ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਵਾਲਾ ਦਿਨ ਹੋਣ ਕਰਕੇ ਨੌਵੇਂ ਗੁਰੂ ਜੀ ਦੀ ਲਾਸਾਨੀ ਸ਼ਹਾਦਤ ਬਾਰੇ ਇਤਿਹਾਸ ਪੜ੍ਹਦਿਆਂ ਉਨ੍ਹਾਂ ਦੇ ਬਚਪਨ, ਬਾਬਾ ਬਕਾਲੇ ਜਾਣਾ, ਧੀਰਮੱਲ ਦੇ ਸਮੇਂ 22 ਮੰਜੀਆਂ, ਮੱਖਣ ਸ਼ਾਹ ਲੁਬਾਣੇ ਰਾਹੀਂ ਗੁਰੂ ਦੀ ਭਾਲ, ਕਸ਼ਮੀਰੀ ਪੰਡਤਾਂ ਦੀ ਪੁਕਾਰ 'ਤੇ ਦਿੱਲੀ 'ਚ ਸ਼ਹਾਦਤ ਬਾਰੇ ਸੰਗਤ ਨੂੰ ਜਾਣੂੰ ਕਰਵਾਇਆ | ਗੁਰਦੁਆਰਾ ਸਾਹਿਬ ਦੇ ਪ੍ਰਬੰਧਕੀ ਪ੍ਰਧਾਨ ਮੇਜਰ ਸਿੰਘ ਗੋਰਾ, ਮੀਤ ਪ੍ਰਧਾਨ ਦਵਿੰਦਰ ਸਿੰਘ, ਹੈੱਡ ਗ੍ਰੰਥੀ ਭਾਈ ਮਨਿੰਦਰ ਸਿੰਘ, ਸਾਬਕਾ ਪ੍ਰਧਾਨ ਸੁਰਜੀਤ ਸਿੰਘ, ਬਾਬਾ ਬਖਸ਼ੀਸ਼ ਸਿੰਘ ਮੁੱਲਾਂਪੁਰ, ਜਗਦੀਸ ਸਿੰਘ ਬਿੱਟੂ ਹੋਰਨਾਂ ਨੇ ਸਾਲਾਨਾ ਸਮਾਗਮ ਦੇ ਅਗਲੇ ਪ੍ਰੋਗਰਾਮਾਂ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਅਤੇ ਕੱਲ੍ਹ ਦੀ ਦੇਰ ਸ਼ਾਮ ਦੀਵਾਨ ਹਾਲ 'ਚ ਭਾਈ ਪਰਮਪ੍ਰੀਤ ਸਿੰਘ ਖ਼ਾਲਸਾ ਨੱਥਮਲਪੁਰ ਵਾਲੇ ਗੁਰੂ ਵਿਚਾਰਾਂ ਸਾਂਝੀਆਂ ਕਰਨਗੇ | ਹਜ਼ੂਰੀ ਰਾਗੀ ਭਾਈ ਜਸਪ੍ਰੀਤ ਸਿੰਘ ਖੁਸ਼ਦਿਲ ਦੇ ਰਾਗੀ ਜਥਿਆਂ ਵਲੋਂ ਸ਼ਬਦ ਕੀਰਤਨ ਅਤੇ ਢਾਡੀ ਬੀਬੀ ਦਲੇਰ ਕੌਰ ਖ਼ਾਲਸਾ ਦੇ ਜੱਥਿਆਂ ਵਲੋਂ ਵਾਰਾਂ ਦਾ ਗਾਇਨ ਹੋਵੇਗਾ | ਗੁਰਦੁਆਰਾ ਸ਼ਹੀਦਗੰਜ ਮੁਸ਼ਕਿਆਣਾ ਸਾਹਿਬ ਵਿਖੇ ਸਮਾਗਮ ਦੇ ਚੱਲਦਿਆਂ 8 ਦਸੰਬਰ ਦਿਨ ਸੋਮਵਾਰ ਸਵੇਰ ਸਮੇਂ ਅੰਮਿ੍ਤ ਸੰਚਾਰ ਹੋਵੇਗਾ, ਅੰਮਿ੍ਤ ਅਭਿਲਾਖੀਆਂ ਨੂੰ ਕਕਾਰ ਦਸਮੇਸ਼ ਅੰਮਿ੍ਤ ਸੰਚਾਰ ਸੇਵਕ ਜੱਥਾ ਜੰਡੀ (ਜਗਰਾਉਂ) ਵਲੋਂ ਮੁਫ਼ਤ ਵੰਡੇ ਜਾਣਗੇ ਅਤੇ 9 ਦਸੰਬਰ ਨੂੰ ਗੱਤਕਾ ਪ੍ਰਦਰਸ਼ਨੀ ਮੁਕਾਬਲੇ ਕਰਵਾਏ ਜਾਣਗੇ |