ਹੰਬੜਾਂ, 19 ਦਸੰਬਰ (ਹਰਵਿੰਦਰ ਸਿੰਘ ਮੱਕੜ)-ਨਜ਼ਦੀਕੀ ਪਿੰਡ ਵਲੀਪੁਰ ਖੁਰਦ ਨੇੜੇ ਸਤਲੁਜ ਦਰਿਆ ਵਿਚੋਂ ਹੋ ਰਹੀ ਰੇਤ ਦੀ ਮਾਈਨਿੰਗ ਨੂੰ ਰੋਕਣ ਲਈ ਸਾਬਕਾ ਐੱਮ.ਪੀ. ਅਮਰੀਕ ਸਿੰਘ ਆਲੀਵਾਲ ਦੀ ਅਗਵਾਈ ਹੇਠ ਲੋਕਾਂ ਵਲੋਂ ਰੋਸ ਜਿਤਾਇਆ ਜਾ ਰਿਹਾ ਸੀ ਤੇ ਇਸ ਸਬੰਧੀ ਮਾਈਨਿੰਗ ਵਿਭਾਗ, ਪੁਲਿਸ ਪ੍ਰਸ਼ਾਸਨ ਤੇ ਡੀ.ਸੀ ਨੂੰ ਸ਼ਿਕਾਇਤ ਵੀ ਦਿੱਤੀ ਗਈ ਸੀ | ਇਸ ਮਸਲੇ ਸੰਬੰਧੀ ਮਾਈਨਿੰਗ ਰੋਕਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਧਨੇਰ ਵਲੋਂ ਵੀ ਲੋਕਾਂ ਨੂੰ ਸਮਰਥਨ ਦਿੱਤਾ ਗਿਆ ਸੀ | ਅੱਜ ਇਸ ਮਾਮਲੇ ਨੂੰ ਸੁਲਝਾਉਣ ਦੇ ਮਕਸਦ ਨਾਲ ਏ.ਡੀ.ਸੀ. ਕੁਲਪ੍ਰੀਤ ਸਿੰਘ ਵਲੋਂ ਮਾਈਨਿੰਗ ਵਾਲੀ ਜਗ੍ਹਾ ਦਾ ਦੌਰਾ ਕੀਤਾ ਗਿਆ ਤੇ ਉਨ੍ਹਾਂ ਸਾਬਕਾ ਐੱਮ.ਪੀ. ਆਲੀਵਾਲ, ਕਾਮਰੇਡ ਬਲਰਾਜ ਸਿੰਘ ਕੋਟਉਮਰਾ, ਸਾਬਕਾ ਸਰਪੰਚ ਜਗੀਰ ਸਿੰਘ, ਸਾਬਕਾ ਸਰਪੰਚ ਭੁਪਿੰਦਰਪਾਲ ਸਿੰਘ ਚਾਵਲਾ, ਸਾਬਕਾ ਸਰਪੰਚ ਬੌਬੀ ਕੋਟਲੀ, ਨੰਬਰਦਾਰ ਹਰਦੇਵ ਸਿੰਘ ਦੇਬੀ, ਜ਼ਿਲ੍ਹਾ ਮੀਤ ਪ੍ਰਧਾਨ ਹਾਕਮ ਸਿੰਘ ਭੱਟੀਆਂ, ਬਲਾਕ ਪ੍ਰਧਾਨ ਬੇਅੰਤ ਸਿੰਘ ਬਾਣੀਏਵਾਲ ਨਾਲ ਗੱਲਬਾਤ ਕੀਤੀ ਅਤੇ ਮਾਈਨਿੰਗ ਰੋਕਣ ਵਾਲੀ ਧਿਰ ਵਲੋਂ ਏ.ਡੀ.ਸੀ ਨੂੰ ਮੰਗ ਪੱਤਰ ਤੇ ਹੋਰ ਪਿੰਡਾਂ ਦੀਆਂ ਪੰਚਾਇਤਾਂ ਵਲੋਂ ਪਾਏ ਮਤਿਆਂ ਦੇ ਦਸਤਾਵੇਜ਼ ਸੌਂਪੇ | ਇਸ ਦੌਰਾਨ ਦੋਨਾਂ ਧਿਰਾਂ ਦੇ ਪੱਖ ਸੁਣਨ ਮਗਰੋਂ ਏ.ਡੀ.ਸੀ ਕੁਲਪ੍ਰੀਤ ਸਿੰਘ ਨੇ ਵਿਸ਼ਵਾਸ ਦਿਵਾਉਂਦਿਆਂ ਕਿਹਾ ਕਿ ਡੀ.ਸੀ. ਨਾਲ ਮੀਟਿੰਗ ਕਰਕੇ ਇਸ ਮਸਲੇ ਨੂੰ ਸੁਲਝਾਉਣ ਦੀ ਪੂਰੀ-ਪੂਰੀ ਕੋਸ਼ਿਸ਼ ਕੀਤੀ ਜਾਵੇਗੀ | ਇਸ ਦੌਰਾਨ ਸਾਬਕਾ ਐੱਮ.ਪੀ. ਆਲੀਵਾਲ ਨੇ ਸਾਥੀਆਂ ਸਮੇਤ ਕਿਹਾ ਕਿ ਮਾਈਨਿੰਗ ਕਰਨ ਨਾਲ ਨੇੜਲੇ ਤਕਰੀਬਨ 25 ਪਿੰਡਾਂ ਦੇ ਲੋਕਾਂ ਨੂੰ ਹੜ੍ਹਾਂ ਵਾਲੀ ਭਿਆਨਕ ਮੁਸੀਬਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ | ਇਸ ਸਮੇਂ ਡਿਪਟੀ ਵਰਿੰਦਰ ਸਿੰਘ ਖੋਸਾ, ਐੱਸ.ਐੱਚ.ਓ. ਹਮਰਾਜ ਸਿੰਘ ਚੀਮਾ, ਮਾਈਨਿੰਗ ਵਿਭਾਗ ਦੇ ਐਕਸੀਅਨ ਮਨਜੀਤ ਸਿੰਘ, ਨਾਇਬ ਤਹਿਸੀਲਦਾਰ ਪੁਸ਼ਪਿੰਦਰ ਸਿੰਘ, ਕਾਨੂੰਨਗੋ ਅਭਿਸ਼ੇਕ ਚੋਪੜਾ, ਪਟਵਾਰੀ ਹਰਮਨਪ੍ਰੀਤ ਸਿੰਘ, ਨੰਬਰਦਾਰ ਚੂਹੜ ਸਿੰਘ, ਲਖਵਿੰਦਰ ਸਿੰਘ ਰਾਮਪੁਰ, ਪੰਚ ਹਰਜੀਤ ਸਿੰਘ ਆਲੀਵਾਲ, ਕੈਪਟਨ ਅਮਰਜੀਤ ਸਿੰਘ ਘਮਣੇਵਾਲ ਤੇ ਇਲਾਕਾ ਵਾਸੀ ਹਾਜ਼ਰ ਸਨ |