ਹੰਬੜਾਂ, 19 ਦਸੰਬਰ (ਮੇਜਰ ਹੰਬੜਾਂ)-ਹੰਬੜਾਂ-ਲੁਧਿਆਣਾ ਸੜਕ 'ਤੇ ਚਿੱਟੀ ਪੱਟੀ (ਲਾਈਨ) ਨਾ ਲੱਗੀ ਹੋਣ ਕਾਰਨ ਧੁੰਦ ਦੇ ਚੱਲ ਰਹੇ ਮੌਸਮ 'ਚ ਰਾਹਗੀਰ ਵਾਹਨ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਂਕਿ ਉਕਤ ਸੜਕ ਜੋ ਕਿ ਬੁਰੀ ਤਰ੍ਹਾਂ ਟੁੱਟ ਚੁੱਕੀ ਸੀ, ਨੂੰ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਨਿੱਜੀ ਤੌਰ 'ਤੇ ਪੈਚਵਰਕ ਕਰਵਾਇਆ ਹੈ, ਪਰ ਉਸ ਵਿਚ ਚਿੱਟੀ ਪੱਟੀ ਜਾਂ ਤਾਂ ਬਿਲਕੁੱਲ ਨਹੀਂ ਹੈ ਜਾਂ ਮੱਧਮ ਪੈ ਚੁੱਕੀ ਹੈ, ਜਿਸ ਪਾਸੇ ਪ੍ਰਸ਼ਾਸ਼ਨ ਨੂੰ ਤੁਰੰਤ ਧਿਆਨ ਦਿੱਤੇ ਜਾਣ ਦੀ ਜ਼ਰੂਰਤ ਹੈ ਕਿਉਂਕਿ ਖਾਸ ਕਰਕੇ ਰਾਤ ਸਮੇਂ ਵਾਹਨ ਚਾਲਕਾਂ ਨੂੰ ਸੜਕ ਨਾ ਦਿਸਣ ਕਾਰਨ ਆਮ ਹੀ ਗੱਡੀਆਂ ਸੜਕ ਤੋਂ ਥੱਲੇ ਉੱਤਰ ਜਾਂਦੀਆਂ ਹਨ ਤੇ ਕਈ ਹਾਦਸੇ ਵਾਪਰ ਚੁੱਕੇ ਹਨ | ਦੇਖਣ 'ਚ ਆਇਆ ਹੈ ਐਂਬੂਲੈਂਸ 'ਚ ਮਰੀਜ਼ ਹਸਪਤਾਲ ਲਿਜਾਣ ਸਮੇਂ ਵੀ ਚਾਲਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਪਰ ਪ੍ਰਸ਼ਾਸ਼ਨ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ | ਸਾਬਕਾ ਸਰਪੰਚ ਸੁਖਮਿੰਦਰ ਸਿੰਘ ਬਸੈਮੀ, ਮਾਨਵ ਵਿੱਦਿਆ ਮੰਦਰ ਸਕੂਲ ਦੇ ਪਿ੍ੰਸੀਪਲ ਪ੍ਰੀਤਮ ਸਿੰਘ ਸਮੇਤ ਹੋਰ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਕਤ ਸੜਕ ਦੇ ਕਿਨਾਰਿਆਂ ਅਤੇ ਵਿਚਕਾਰ ਚਿੱਟੀ ਪੱਟੀ ਲਗਾਈ ਜਾਵੇ ਤਾਂ ਜੋ ਧੁੰਦ ਅਤੇ ਰਾਤ ਸਮੇਂ ਵਾਹਨ ਚਾਲਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਤੇ ਉਹ ਆਪਣੀ ਮੰਜ਼ਿਲ ਤੱਕ ਪਹੁੰਚ ਸਕਣ | ਲੋਕਾਂ ਨੇ ਡਿਪਟੀ ਕਮਿਸ਼ਨਰ ਲੁਧਿਆਣਾ ਤੋਂ ਮੰਗ ਕੀਤੀ ਕਿ ਲੁਧਿਆਣਾ, ਹੰਬੜਾਂ ਵਾਇਆ ਸਿੱਧਵਾਂ ਬੇਟ ਮੁੱਖ ਸੜਕ ਦੇ ਵਿਚਕਾਰ ਅਤੇ ਸਾਈਡਾਂ 'ਤੇ ਚਿੱਟੀ ਪੱਟੀ ਲਗਾਈ ਜਾਵੇ ਕਿਉਂਕਿ ਉਕਤ ਸੜਕ ਤੋਂ ਸਵੇਰ ਸਮੇਂ ਵੱਡੀ ਗਿਣਤੀ 'ਚ ਸਕੂਲਾਂ ਦੀਆਂ ਵੈਨਾਂ ਵੀ ਬੱਚੇ ਲੈ ਕੇ ਗੁਜ਼ਰਦੀਆਂ ਹਨ ਤੇ ਉਨ੍ਹਾਂ ਨੂੰ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ |