ਹਠੂਰ, 20 ਦਸੰਬਰ (ਜਸਵਿੰਦਰ ਸਿੰਘ ਛਿੰਦਾ)-ਗੁਰਦੁਆਰਾ 13 ਮੰਜ਼ਿਲਾ ਨਾਨਕਸਰ ਝੋਰੜਾਂ ਵਿਖੇ ਮੱਸਿਆ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਏ ਗਏ | ਜਿਸ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ ਗਏ | ਉਪਰੰਤ ਰਾਗੀ ਭਾਈ ਸਤਿਨਾਮ ਸਿੰਘ, ਭਾਈ ਮਨਜੀਤ ਸਿੰਘ, ਭਾਈ ਗੁਰਪ੍ਰੀਤ ਸਿੰਘ ਨੇ ਆਰਤੀ ਕੀਰਤਨ ਕੀਤਾ | ਇਸ ਤੋਂ ਬਾਅਦ ਸਜੇ ਦੀਵਾਨਾਂ 'ਚ ਕਵੀਸ਼ਰ ਭਾਈ ਅਜਮੇਰ ਸਿੰਘ ਕਾਲਸਾਂ ਅਤੇ ਦੇਸਰਾਜ ਸਿੰਘ ਦੀਵਾਨਾ ਨੇ ਇਤਿਹਾਸਕ ਪ੍ਰਸੰਗ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਸੰਗਤਾਂ ਨਾਲ ਆਪਣੇ ਕੀਮਤੀ ਪ੍ਰਬਚਨਾਂ ਦੀ ਸਾਂਝ ਪਾਉਂਦਿਆਂ ਸੰਤ ਬਾਬਾ ਘਾਲਾ ਸਿੰਘ ਨਾਨਕਸਰ ਵਾਲਿਆਂ ਨੇ ਕਿਹਾ ਕਿ ਇਹ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਕਿਲ੍ਹਾ ਸ੍ਰੀ ਅਨੰਦਗੜ੍ਹ ਸਾਹਿਬ ਨੂੰ ਛੱਡਣ, ਸਰਸਾ ਨਦੀ 'ਤੇ ਪਏ ਪਰਿਵਾਰ ਵਿਛੋੜੇ ਅਤੇ ਸ੍ਰੀ ਚਮਕੌਰ ਸਾਹਿਬ ਦੀ ਜੰਗ ਵਿਚ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਅਤੇ ਸਰਹੰਦ ਦੀਆਂ ਦੀਵਾਰਾਂ ਵਿਚ ਛੋਟੇ ਸਾਹਿਬਜ਼ਾਦਿਆਂ ਨੂੰ ਚਿਨਵਾ ਕੇ ਸ਼ਹੀਦ ਕਰਨ ਦੇ ਵੈਰਾਗਮਈ ਅਤੇ ਗੌਰਵਮਈ ਕੁਰਬਾਨੀਆਂ ਦੇ ਚੱਲ ਰਹੇ ਹਨ | ਉਨ੍ਹਾਂ ਕਿਹਾ ਕਿ ਸਾਨੂੰ ਸਭ ਨੂੰ ਇੰਨ੍ਹਾਂ ਦਿਨਾਂ ਵਿਚ ਵੱਧ ਤੋਂ ਵੱਧ ਨਾਮ ਸਿਮਰਨ ਕਰਨ ਦੀ ਲੋੜ ਹੈ | ਉਨ੍ਹਾਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਇਤਿਹਾਸ ਤੋਂ ਸੇਧ ਲੈ ਕੇ ਖੰਡੇ ਬਾਟੇ ਦਾ ਅੰਮਿ੍ਤ ਛਕ ਕੇ ਸਿੰਘ ਸਜਣ ਦੀ ਲੋੜ ਹੈ | ਸੰਤ ਬਾਬਾ ਘਾਲਾ ਸਿੰਘ ਨਾਨਕਸਰ ਵਾਲਿਆਂ ਨੇ ਸੰਗਤਾਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ 8 ਫਰਵਰੀ ਨੂੰ ਗੁਰਦੁਆਰਾ 13 ਮੰਜ਼ਿਲਾ ਨਾਨਕਸਰ ਝੋਰੜਾਂ ਤੋਂ ਨਾਨਕਸਰ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿਚ ਵਿਸ਼ਾਲ ਨਗਰ ਕੀਰਤਨ ਸਜਾਏ ਜਾਣਗੇ | ਇਸ ਮੌਕੇ ਬਾਬਾ ਮਿਹਰ ਸਿੰਘ, ਭਾਈ ਗੇਜਾ ਸਿੰਘ, ਭਾਈ ਜਸਵਿੰਦਰ ਸਿੰਘ ਬਿੰਦੀ, ਭਾਈ ਗੋਰਾ ਸਿੰਘ, ਭਾਈ ਬਿੰਦਰ ਸਿੰਘ, ਰਾਜਪਾਲ ਸਿੰਘ ਰਤੀਆ, ਸੁਰਿੰਦਰ ਸਿੰਘ ਗਿੱਲ ਕੈਨੇਡਾ, ਕਿ੍ਸ਼ਨ ਕੁਮਾਰ ਫਤਿਹਬਾਦ, ਪ੍ਰਗਟ ਸਿੰਘ ਰਤੀਆ, ਅੰਮਿ੍ਤਪਾਲ ਸਿੰਘ ਲੁਧਿਆਣਾ, ਲਛਮਣ ਸਿੰਘ ਖਹਿਰਾ, ਕਰਮਜੀਤ ਸਿੰਘ ਦੇਹੜਕਾ, ਬਲਵਿੰਦਰ ਸਿੰਘ ਜਗਰਾਉਂ, ਪ੍ਰਮਿੰਦਰ ਸਿੰਘ ਝੋਰੜਾਂ, ਮੇਜਰ ਸਿੰਘ, ਪਿੰਦਾ ਸਿੰਘ ਆਦਿ ਹਾਜ਼ਰ ਸਨ |