ਜਗਰਾਉਂ, 20 ਦਸੰਬਰ (ਹਰਵਿੰਦਰ ਸਿੰਘ ਖ਼ਾਲਸਾ)-ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਹਾਨ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਤਿੰਨ ਰੋਜ਼ਾ ਸ਼ਹੀਦੀ ਸਮਾਗਮ ਪਿੰਡ ਰੂਮੀ ਵਿਖੇ ਕਰਵਾਇਆ ਜਾ ਰਿਹਾ ਹੈ | ਪ੍ਰਬੰਧਕਾਂ ਨੇ ਦੱਸਿਆ ਕਿ ਇਸ ਸ਼ਹੀਦੀ ਸਮਾਗਮ ਸਬੰਧੀ 22 ਦਸੰਬਰ 2025 ਨੂੰ ਸਵੇਰੇ 10 ਵਜੇ ਗੁਰਦੁਆਰਾ ਬਾਬਾ ਜੀਵਨ ਸਿੰਘ ਪਿੰਡ ਰੂਮੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਜਾਣਗੇ | ਇੰਨ੍ਹਾਂ ਦੇ ਭੋਗ 24 ਦਸੰਬਰ ਸਵੇਰੇ 10 ਵਜੇ ਪੈਣਗੇ | ਉਨ੍ਹਾਂ ਦੱਸਿਆ ਕਿ 23 ਦਸੰਬਰ ਨੂੰ ਸ਼ਾਮ ਦੇ ਦੀਵਾਨਾਂ ਵਿਚ ਰਾਤ 7 ਵਜੇ ਤੋਂ 9 ਵਜੇ ਤੱਕ ਭਾਈ ਪਿ੍ਤਪਾਲ ਸਿੰਘ ਬਰਗਾੜੀ ਦਾ ਕਵੀਸ਼ਰੀ ਜਥਾ ਗੁਰ ਇਤਿਹਾਸ ਤੇ ਵਾਰਾਂ ਸੁਣਾਂ ਕੇ ਸੰਗਤਾਂ ਨੂੰ ਨਿਹਾਲ ਕਰੇਗਾ | 24 ਦਸੰਬਰ ਨੂੰ ਪ੍ਰਕਾਸ਼ ਕਰਵਾਏ ਸ੍ਰੀ ਅਖੰਡ ਪਾਠਾਂ ਦੇ ਭੋਗ ਪਾਉਣ ਉਪਰੰਤ ਸਜਾਏ ਦੀਵਾਨ ਵਿਚ ਭਾਈ ਦਲਜੀਤ ਸਿੰਘ ਖ਼ਾਲਸਾ ਦਾ ਕੀਰਤਨੀ ਜਥਾ ਕੀਰਤਨ ਕਰੇਗਾ, ਉਪਰੰਤ ਗਿਆਨੀ ਜਗਤਾਰ ਸਿੰਘ ਅਭਿਆਸੀ ਕਥਾ ਰਾਹੀਂ ਮਹਾਨ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਅਤੇ ਪੋਹ ਦੇ ਮਹੀਨੇ ਹੋਈਆਂ ਸ਼ਹਾਦਤਾਂ ਦੇ ਇਤਿਹਾਸ ਸਬੰਧੀ ਸੰਗਤਾਂ ਨੂੰ ਜਾਣੂ ਕਰਵਾਉਣਗੇ |