ਸਿੱਧਵਾਂ ਬੇਟ, 20 ਦਸੰਬਰ (ਜਸਵੰਤ ਸਿੰਘ ਸਲੇਮਪੁਰੀ)-ਲਾਗਲੇ ਨਗਰ ਗਿੱਦੜਵਿੰਡੀ ਵਿਖੇ ਸਥਿਤ ਗੁਰਦੁਆਰਾ ਗੁਰੂ ਹਰਿਗੋਬਿੰਦ ਸਾਹਿਬ ਜੀ ਵਿਖੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜੋਰਾਵਰ ਸਿੰਘ ਜੀ ਅਤੇ ਸਾਹਿਬਜ਼ਾਦਾ ਬਾਬਾ ਫਤਹਿ ਸਿੰਘ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਇਕ ਰੋਜ਼ਾ ਗੁਰਬਾਣੀ ਕੰਠ ਮੁਕਾਬਲੇ 28 ਦਸੰਬਰ, ਦਿਨ ਐਤਵਾਰ ਨੂੰ ਕਰਵਾਏ ਜਾਣਗੇ | ਹੋਰ ਜਾਣਕਾਰੀ ਦਿੰਦੇ ਹੋਏ ਨਾਮਵਾਰ ਢਾਡੀ ਜਗਦੇਵ ਸਿੰਘ ਜਾਚਕ ਨੇ ਦੱਸਿਆ ਕਿ ਸਮੂਹ ਨਗਰ, ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪ੍ਰਵਾਸੀ ਵੀਰਾਂ ਦੇ ਸਹਿਯੋਗ ਨਾਲ ਕਰਵਾਏ ਜਾਣ ਵਾਲੇ ਮੁਕਾਬਲਿਆਂ ਦੌਰਾਨ ਪਹਿਲੇ ਗਰੁੱਪ ਵਿਚ 10 ਸਾਲ ਦੀ ਉਮਰ ਤੱਕ ਪਹਿਲੇ, ਦੂਜੇ ਤੇ ਤੀਜੇ ਸਥਾਨ 'ਤੇ ਰਹਿਣ ਵਾਲੇ ਬੱਚਿਆਂ ਨੂੰ ਕ੍ਰਮਵਾਰ 3100, 2100, 1100, 10 ਤੋਂ 15 ਸਾਲ ਤੱਕ ਦੇ ਬੱਚਿਆਂ ਨੂੰ ਕ੍ਰਮਵਾਰ 3500, 2500, 1500 ਅਤੇ 15 ਤੋਂ 20 ਸਾਲ ਤੱਕ ਦੇ ਬੱਚਿਆਂ ਨੂੰ ਕ੍ਰਮਵਾਰ 4100, 3100 ਅਤੇ 2100 ਦੇ ਨਕਦ ਇਨਾਮ ਦਿੱਤੇ ਜਾਣਗੇ | ਉਨ੍ਹਾਂ ਦੱਸਿਆ ਕਿ ਪਹਿਲੇ ਗਰੁੱਪ ਦੇ ਸ੍ਰੀ ਜਪੁਜੀ ਸਾਹਿਬ ਜੀ ਤੇ ਸ੍ਰੀ ਚੌਪਈ ਸਾਹਿਬ ਜੀ, ਦੂਜੇ ਗਰੁੱਪ ਦੇ ਸ੍ਰੀ ਜਪੁਜੀ ਸਾਹਿਬ ਜੀ, ਸ੍ਰੀ ਚੌਪਈ ਸਾਹਿਬ ਜੀ, ਰਹਿਰਾਸ ਸਾਹਿਬ ਤੇ ਸੋਹਿਲਾ ਸਾਹਿਬ ਜਦਕਿ ਤੀਜੇ ਗਰੁੱਪ ਦੇ ਸ੍ਰੀ ਜਪੁਜੀ ਸਾਹਿਬ ਜੀ, ਸ੍ਰੀ ਜਾਪੁ ਸਾਹਿਬ ਜੀ, ਤਵਪ੍ਰਸਾਦਿ ਸਵੈਯੇ, ਸ੍ਰੀ ਚੌਪਈ ਸਾਹਿਬ ਜੀ, ਸ੍ਰੀ ਅਨੰਦ ਸਾਹਿਬ ਜੀ, ਰਹਿਰਾਸ ਸਾਹਿਬ ਅਤੇ ਸੋਹਿਲਾ ਸਾਹਿਬ ਬਾਣੀ ਕੰਠ ਦੇ ਮੁਕਾਬਲੇ ਕਰਵਾਏ ਜਾਣਗੇ | ਪ੍ਰਬੰਧਕਾਂ ਨੇ ਨੌਜਵਾਨਾਂ ਨੂੰ ਸਵੇਰੇ 9 ਵਜੇ ਤੱਕ ਗੁਰਦੁਆਰਾ ਸਾਹਿਬ ਵਿਖੇ ਪੁੱਜਣ ਦੀ ਅਪੀਲ ਕੀਤੀ |