ਰਾਏਕੋਟ, 21 ਦਸੰਬਰ (ਬਲਵਿੰਦਰ ਸਿੰਘ ਲਿੱਤਰ)-ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਵੋਟ ਪਾਉਣ ਵਾਲੇ ਵੋਟਰਾਂ ਅਤੇ ਸਮੱਰਥਕਾਂ ਦਾ ਵਿਧਾਨ ਸਭਾ ਹਲਕਾ ਰਾਏਕੋਟ ਦੇ ਇੰਚਾਰਜ ਬਲਵਿੰਦਰ ਸਿੰਘ ਸੰਧੂ ਵਲੋਂ ਧੰਨਵਾਦ ਕੀਤਾ ਗਿਆ | ਇਸ ਮੌਕੇ ਹਲਕਾ ਇੰਚਾਰਜ ਬਲਵਿੰਦਰ ਸਿੰਘ ਸੰਧੂ ਵਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਪਿਛਲੇ ਦਿਨੀਂ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਵਲੋਂ ਚੰਗਾ ਪ੍ਰਦਰਸ਼ਨ ਕੀਤਾ ਗਿਆ | ਉਨ੍ਹਾਂ ਚੋਣਾਂ ਵਿਚ ਉਮੀਦਵਾਰਾਂ ਦੀ ਹੋਈ ਹਾਰ ਦੀ ਸਮੀਖਿਆ ਕੀਤੀ | ਉਨ੍ਹਾਂ ਕਿਹਾ ਕਿ ਬੇਸ਼ੱਕ ਇਨ੍ਹਾਂ ਚੋਣਾਂ ਦੌਰਾਨ ਵਿਧਾਨ ਸਭਾ ਹਲਕਾ ਰਾਏਕੋਟ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਵੋਟ ਬੈਂਕ ਵਿਚ ਪਹਿਲਾਂ ਨਾਲੋਂ ਵਾਧਾ ਹੋਇਆ ਹੈ, ਲੇਕਿਨ ਉਹ ਫਿਰ ਵੀ ਬੂਥ ਪੱਧਰ 'ਤੇ ਜਾ ਕੇ ਅਕਾਲੀ ਵਰਕਰਾਂ ਨਾਲ ਮੀਟਿੰਗ ਕਰਕੇ ਇਸ ਵਾਧੇ ਨੂੰ ਜਿੱਤ ਵਿਚ ਨਾ ਤਬਦੀਲ ਹੋਣ ਬਾਰੇ ਸਮੀਖਿਆ ਕਰਨਗੇ ਅਤੇ ਵਿਧਾਨ ਸਭਾ 2027 ਲਈ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਲਾਮਬੰਦ ਕਰਨਗੇ | ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਜਥੇਦਾਰ ਚੰਦ ਸਿੰਘ ਡੱਲਾ, ਜਥੇਦਾਰ ਗੁਰਮੇਲ ਸਿੰਘ ਗਰੇਵਾਲ ਪ੍ਰਧਾਨ ਸਰਕਲ ਆਂਡਲੂ, ਚੇਅਰਮੈਨ ਇੰਦਰਜੀਤ ਸਿੰਘ ਗੋਂਦਵਾਲ, ਸਰਪੰਚ ਜਸਵੀਰ ਸਿੰਘ ਦੇਹੜਕਾ, ਉਪਕਾਰ ਸਿੰਘ ਸੈਣੀ ਆਦਿ ਹਾਜ਼ਰ ਸਨ |