ਕੌਂਸਲ ਦੇ ਗੇਟ ਨੂੰ ਤਾਲਾ ਲਾ ਕੇ ਸੜਕ ਕੀਤੀ ਜਾਮ
ਜਗਰਾਉਂ, 23 ਦਸੰਬਰ (ਗਰਦੀਪ ਸਿੰਘ ਮਲਕ)-ਨਗਰ ਕੌਂਸਲ ਜਗਰਾਉਂ ਵਲੋਂ ਸ਼ਹਿਰ ਦਾ ਕੂੜਾ ਕਿਤੇ ਢੁੱਕਵੇਂ ਡੰਪ 'ਤੇ ਸੁੱਟਣ ਦੀ ਥਾਂ ਦਫ਼ਤਰ ਵਿਚ ਲਿਆ ਕੇ ਹੀ ਸੁੱਟਿਆ ਜਾ ਰਿਹਾ ਹੈ | ਸ਼ਹਿਰ ਦਾ ਕੂੜਾ ਨਗਰ ਕੌਂਸਲ ਦਫ਼ਤਰ ਵਿਚ ਲਿਆ ਕੇ ਸੁੱਟਣ ਦਾ ਮੁੱਦਾ ਅੱਜ ਉਦੋਂ ਹੋਰ ਭਖ਼ ਗਿਆ ਜਦੋਂ ਲੋਕਾਂ ਨੇ ਧਰਨਾ ਲਾ ਦਿੱਤਾ | ਪਹਿਲਾਂ ਤਾਂ ਚਾਰ ਘੰਟੇ ਦੇ ਕਰੀਬ ਲੋਕ ਨਗਰ ਕੌਂਸਲ ਦੇ ਗੇਟ ਬੰਦ ਕਰਕੇ ਗੇਟ ਮੂਹਰੇ ਬੈਠ ਕੇ ਨਾਅਰੇਬਾਜ਼ੀ ਕਰਦੇ ਰਹੇ | ਜਦੋਂ ਇਸ ਦਾ ਪ੍ਰਸ਼ਾਸਨ 'ਤੇ ਕੋਈ ਅਸਰ ਹੁੰਦਾ ਨਾ ਦਿਸਿਆ ਤਾਂ ਅੱਕੇ ਲੋਕ ਉਥੇ ਹੀ ਸੜਕ 'ਤੇ ਬੈਠ ਗਏ | ਇੰਨ੍ਹਾਂ ਵਿਚ ਕਿਸ਼ਨ ਹਸਪਤਾਲ ਦੇ ਡਾ. ਕਿਸ਼ਨ ਸਿੰਘ ਖੁਦ ਤੇ ਉਨ੍ਹਾਂ ਦੇ ਸਟਾਫ਼ ਤੋਂ ਇਲਾਵਾ ਮੁਹੱਲੇ ਦੀਆਂ ਕਈ ਅÏਰਤਾਂ ਸ਼ਾਮਿਲ ਸਨ | ਇਸ ਧਰਨੇ 'ਚ ਸ਼ਹੀਦ ਭਗਤ ਸਿੰਘ ਕਲੱਬ ਦੇ ਪ੍ਰਧਾਨ ਕੌਂਸਲਰ ਰਵਿੰਦਰਪਾਲ ਸਿੰਘ ਰਾਜੂ ਕਾਮਰੇਡ, ਸਾਬਕਾ ਪ੍ਰਧਾਨ ਜਤਿੰਦਰਪਾਲ ਰਾਣਾ, ਕੌਂਸਲਰ ਜਰਨੈਲ ਸਿੰਘ ਲੋਹਟ, ਦਵਿੰਦਰਜੀਤ ਸਿੰਘ ਸਿੱਧੂ, ਕੇਵਲ ਕਿ੍ਸ਼ਨ, ਸੁੱਖ ਜਗਰਾਉਂ, ਵਿੱਕੀ ਟੰਡਨ, ਪ੍ਰੇਮ ਗਲੋਟ ਆਦਿ ਵੀ ਸ਼ਾਮਿਲ ਹੋਏ | ਚਾਰ ਘੰਟੇ ਧਰਨਾ ਲੱਗਣ ਦੇ ਬਾਵਜੂਦ ਜਿਹੜੇ ਪ੍ਰਸ਼ਾਸਨ ਦੇ ਸਿਰ 'ਤੇ ਜੂੰ ਨਹੀਂ ਸਰਕੀ ਉਹ ਸੜਕ 'ਤੇ ਧਰਨਾ ਦੇ ਕੇ ਜਾਮ ਲਾਉਣ 'ਤੇ ਫੌਰੀ ਹਰਕਤ ਵਿਚ ਆ ਗਿਆ | ਉੱਪ ਮੰਡਲ ਮੈਜਿਸਟਰੇਟ ਉਪਿੰਦਰਜੀਤ ਕੌਰ ਵਲੋਂ ਨਾਇਬ ਤਹਿਸੀਲਦਾਰ ਨੂੰ ਮੌਕੇ 'ਤੇ ਭੇਜਿਆ ਗਿਆ | ਧਰਨਾਕਾਰੀਆਂ ਨੇ ਪਹਿਲਾਂ ਤਾਂ ਉਨ੍ਹਾਂ ਨੂੰ ਨਗਰ ਕੌਂਸਲ ਦੇ ਅੰਦਰ ਲਿਜਾ ਕੇ ਮੌਕਾ ਦਿਖਾਇਆ ਕਿ ਕਿਵੇਂ ਅੰਦਰ ਹੀ ਈ.ਓ. ਦੀ ਰਿਹਾਇਸ਼ ਮੂਹਰੇ ਕੂੜੇ ਦੇ ਢੇਰ ਲਾਏ ਜਾ ਰਹੇ ਹਨ | ਇਸ ਥਾਂ ਦੇ ਆਲੇ-ਦੁਆਲੇ ਵਾਲੇ ਘਰਾਂ ਨੂੰ ਹੁੰਦੀ ਪ੍ਰੇਸ਼ਾਨੀ ਤੋਂ ਇਲਾਵਾ ਮਗਰਲੇ ਪਾਸੇ ਸਥਿਤ ਕਿਸ਼ਨ ਹਸਪਤਾਲ ਦਿਖਾ ਕੇ ਹੱਲ ਮੰਗਿਆ ਗਿਆ | ਡਾ. ਕਿਸ਼ਨ, ਜਸਵੰਤ ਸਿੰਘ, ਦਲਜੀਤ ਸਿੰਘ ਗਿੱਲ, ਰਾਜੂ ਕਾਮਰੇਡ ਤੇ ਸਾਬਕਾ ਪ੍ਰਧਾਨ ਰਾਣਾ ਨੇ ਕਿਹਾ ਕਿ ਲੋਕ ਹਸਪਤਾਲ ਵਿਚ ਬਿਮਾਰੀ ਦੇ ਇਲਾਜ ਤੇ ਸਿਹਤਯਾਬ ਹੋਣ ਲਈ ਆਉਂਦੇ ਹਨ | ਪਰ ਇਸ ਗੰਦਗੀ ਦੇ ਢੇਰਾਂ ਕਰਕੇ ਹਸਪਤਾਲ ਤੇ ਆਲੇ-ਦੁਆਲੇ ਉਲਟਾ ਬਿਮਾਰੀਆਂ ਫੈਲਣ ਦਾ ਡਰ ਪੈਦਾ ਹੋ ਗਿਆ ਹੈ | ਉਨ੍ਹਾਂ ਕਿਹਾ ਕਿ ਦੇਸ਼ ਅੰਦਰ ਕਿਤੇ ਅਜਿਹੀ ਮਿਸਾਲ ਨਹੀਂ ਮਿਲਦੀ ਕਿ ਕੋਈ ਮਿਉਂਸੀਪਲ ਕਮੇਟੀ ਸ਼ਹਿਰ ਦਾ ਕੂੜਾ ਚੁੱਕ ਕੇ ਲਿਆਉਣ ਮਗਰੋਂ ਇਸ ਕੂੜੇ ਨੂੰ ਨਗਰ ਕੌਂਸਲ ਦਫ਼ਤਰ ਦੀ ਹਦੂਦ 'ਤੇ ਚਾਰਦੀਵਾਰੀ ਵਿਚ ਹੀ ਸੁੱਟ ਰਹੀ ਹੋਵੇ | ਇਸ 'ਤੇ ਨਾਇਬ ਤਹਿਸੀਲਦਾਰ 'ਤੇ ਫੌਰੀ ਕਲਰਕ ਹਰੀਸ਼ ਕੁਮਾਰ ਨੂੰ ਬੁਲਾ ਕੇ ਅਗਾਂਹ ਤੋਂ ਇਥੇ ਕੂੜਾ ਨਾ ਸੁੱਟਣ ਅਤੇ ਸੁਟਿਆ ਕੂੜਾ ਚੁੱਕਣ ਦੀ ਹਦਾਇਤ ਕੀਤੀ |
ਜਗਰਾਉਂ ਸ਼ਹਿਰ ਤੇ ਨਗਰ ਕੌਂਸਲ ਦਫ਼ਤਰ ਵਿਚ ਲੱਗੇ ਗੰਦਗੀ ਦੇ ਢੇਰਾਂ ਤੋਂ ਦੁਖੀ ਸ਼ਹਿਰ ਵਾਸੀਆਂ ਨੇ ਨਗਰ ਕੌਂਸਲ ਦਫ਼ਤਰ ਨੂੰ ਕੀਤਾ ਬੰਦ
ਅਜੀਤ ਡੈਸਕ
24-12-2025