ਦੁਕਾਨ 'ਤੇ ਨਕਦੀ ਲੁੱਟਣ ਆਇਆ ਲੁਟੇਰਾ ਚਾਕੂ ਛੱਡ ਹੋਇਆ ਫਰਾਰ
ਹੰਬੜਾਂ, 23 ਦਸੰਬਰ (ਮੇਜਰ ਹੰਬੜਾਂ)-ਹੰਬੜਾਂ 'ਚ ਮੇਨ ਚੌਂਕ ਮੁੱਲਾਂਪੁਰ ਰੋਡ 'ਤੇ ਗੁਪਤਾ ਮਨੀਟ੍ਰਾਂਸਫਰ ਦੁਕਾਨ ਨੂੰ ਚਾਕੂ ਦੀ ਨੋਕ 'ਤੇ ਲੁੱਟਣ ਆਏ ਲੁਟੇਰੇ ਨੂੰ ਦੁਕਾਨ 'ਤੇ ਕੰਮ ਕਰਦੀ ਲੜਕੀ ਵਲੋਂ ਵਰਤੀ ਗਈ ਦਲੇਰੀ ਨੇ ਲੁੱਟ ਦੀ ਵਾਰਦਾਤ ਨੂੰ ਨਾਕਾਮ ਬਣਾ ਦਿੱਤਾ ਤੇ ਲੁਟੇਰਾ ਲੜਕੀ ਦੀ ਦਲੇਰੀ ਦੇਖਦਿਆਂ ਚਾਕੂ ਦੁਕਾਨ 'ਤੇ ਛੱਡਕੇ ਫ਼ਰਾਰ ਹੋ ਗਿਆ ਤੇ ਲੜਕੀ ਨੇ ਉਸ ਲੁਟੇਰੇ ਦਾ ਦੁਕਾਨ ਤੋਂ ਬਾਹਰ ਤੱਕ ਪਿੱਛਾ ਕੀਤਾ ਪਰ ਉਹ ਭੱਜਣ 'ਚ ਸਫ਼ਲ ਰਿਹਾ | ਲੜਕੀ ਵਲੋਂ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਲੁਟੇਰੇ ਨਾਲ ਹੱਥੋਪਾਈ ਹੋ ਕੇ ਦਿਖਾਈ ਦਲੇਰੀ ਦੀ ਬਜ਼ਾਰ ਵਿਚ ਖੂਬ ਚਰਚਾ ਹੋ ਰਹੀ ਹੈ | ਦੁਕਾਨ ਮਾਲਕ ਸੁਭਾਸ਼ ਗੁਪਤਾ ਨੇ ਦੱਸਿਆ ਕਿ ਸਵੇਰ ਕਰੀਬ 11 ਵਜੇ ਜਦੋਂ ਦੁਕਾਨ 'ਤੇ ਕੰਮ ਕਰਦੀ ਸੋਨੂੰ ਵਰਮਾ ਲੜਕੀ ਇਕੱਲੀ ਕਾਉਂਟਰ 'ਤੇ ਬੈਠੀ ਸੀ ਤਾਂ ਲੁਟੇਰਾ ਦੁਕਾਨ 'ਚ ਦਾਖ਼ਲ ਹੋਇਆ, ਜਿਸ ਨੇ ਮੂੰਹ ਢੱਕਿਆ ਹੋਇਆ ਸੀ, ਨੇ ਚਾਕੂ ਕੱਢਦਿਆਂ ਲੜਕੀ ਨੂੰ ਡਰਾਉਣ ਦੇ ਨਾਲ ਹੀ ਜਦੋਂ ਹੀ ਲੁਟੇਰਾ ਦੁਕਾਨ ਦੇ ਗੱਲੇ 'ਚ ਰੱਖੇ ਕੈਸ਼ (ਨਗਦੀ) ਨੂੰ ਲੁੱਟਣ ਲੱਗਾ ਤਾਂ ਲੜਕੀ ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਉਸ ਲੁਟੇਰੇ 'ਤੇ ਵਾਰ ਕਰਨੇ ਸ਼ੁਰੂ ਕਰ ਦਿੱਤੇ ਤੇ ਲੁਟੇਰਾ ਡਰ ਦੇ ਮਾਰੇ ਆਪਣਾ ਚਾਕੂ ਦੁਕਾਨ 'ਤੇ ਹੀ ਛੱਡਕੇ ਫ਼ਰਾਰ ਹੋ ਗਿਆ | ਇਹ ਘਟਨਾਂ ਦੁਕਾਨ 'ਤੇ ਲੱਗੇ ਸੀ.ਸੀ.ਟੀ.ਵੀ. ਕੈਮਰੇ 'ਚ ਕੈਦ ਹੋ ਗਈ | ਦੇਖਣਾ ਹੋਵੇਗਾ ਕਿ ਪੁਲਿਸ ਇਸ ਘਟਨਾ ਲਈ ਜ਼ਿੰਮੇਵਾਰ ਲੁਟੇਰੇ ਨੂੰ ਕਦੋਂ ਕਾਬੂ ਕਰਦੀ ਹੈ | ਇਥੇ ਇਹ ਵੀ ਵਰਨਣਯੋਗ ਹੈ ਕਿ ਕੁਝ ਸਮਾਂ ਪਹਿਲਾਂ ਵੀ ਦੁਕਾਨਦਾਰ ਨਾਲ ਇਕ ਵਿਅਕਤੀ ਵਲੋਂ 10 ਹਜ਼ਾਰ ਰੁਪਏ ਦੀ ਠੱਗੀ ਮਾਰੀ ਗਈ ਹੈ ਤੇ ਉਸ ਲੁਟੇਰੇ ਬਾਰੇ ਵੀ ਕੁਝ ਪਤਾ ਨਹੀਂ ਚੱਲ ਸਕਿਆ | ਲੋਕਾਂ ਦਾ ਕਹਿਣਾ ਹੈ ਕਿ ਪੁਲਿਸ ਦਾ ਪੀ.ਸੀ.ਆਰ ਦਸਤਾ ਹੋਣ ਦੇ ਬਾਵਜੂਦ ਵੀ ਲੁਟੇਰਿਆਂ ਦੇ ਹੌਂਸਲੇ ਇਨੇ ਬੁਲੰਦ ਹਨ ਕਿ ਉਹ ਦਿਨ ਦਿਹਾੜੇ ਦੁਕਾਨਾਂ ਲੁੱਟਣ ਦੇ ਨਾਲ ਮੋਬਾਇਲ ਫ਼ੋਨ ਖੋਹਣ 'ਚ ਸਫ਼ਲ ਰਹਿੰਦੇ ਹਨ, ਜਿਸ ਪਾਸੇ ਪੁਲਿਸ ਨੂੰ ਧਿਆਨ ਦਿੱਤੇ ਜਾਣ ਦੀ ਲੋੜ ਹੈ ਤੇ ਲੜਕੀ ਸੋਨੂੰ ਵਰਮਾਂ ਨੂੰ ਪੁਲਿਸ ਵਲੋਂ ਦਿਖਾਈ ਦਲੇਰੀ ਬਦਲੇ ਸਨਮਾਨਿਤ ਕਰਨਾ ਚਾਹੀਦਾ ਹੈ |
ਹੰਬੜਾਂ 'ਚ ਲੁਟੇਰੇ ਨੂੰ ਭਾਜੜਾਂ ਪਾਉਣ ਵਾਲੀ ਲੜਕੀ ਦੀ ਚਰਚਾ
ਅਜੀਤ ਡੈਸਕ
24-12-2025