ਰਾਏਕੋਟ, 25 ਦਸੰਬਰ (ਸੁਸ਼ੀਲ)-ਸਵ: ਸੁਖਦੇਵ ਸਿੰਘ ਜਵੰਦਾ ਯਾਦਗਾਰੀ ਟਰੱਸਟ ਅਤੇ ਸਮੂਹ ਜਵੰਦਾ ਪਰਿਵਾਰ ਬੱਸੀਆਂ ਵਲੋਂ ਮਾਤਾ ਗੁਜਰੀ ਜੀ ਦੀ ਅਤੇ ਚਾਰੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅੱਖਾਂ ਦਾ ਮੁਫ਼ਤ ਚੈੱਕਅੱਪ ਤੇ ਆਪ੍ਰੇਸ਼ਨ ਸਥਾਨਕ ਡਾ: ਰਮੇਸ਼ ਸੁਪਰਸਪੈਸ਼ਲਿਟੀ ਆਈ ਐਂਡ ਲੇਜ਼ਰ ਸੈਂਟਰ ਬ੍ਰਾਂਚ ਰਾਏਕੋਟ ਵਿਖੇ ਲਗਾਇਆ ਗਿਆ | ਕੈਂਪ ਦਾ ਉਦਘਾਟਨ ਸਮਾਜਸੇਵੀ ਮਨਜੋਤ ਸਿੰਘ ਜਵੰਦਾ ਵਲੋਂ ਕੀਤਾ ਗਿਆ | ਉਨ੍ਹਾਂ ਲੋੜਵੰਦਾਂ ਨੂੰ ਇਸ ਮੁਫ਼ਤ ਆਪ੍ਰੇਸ਼ਨ ਕੈਂਪ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ ਪ੍ਰੇਰਿਤ ਕੀਤਾ | ਕੈਂਪ ਦੌਰਾਨ ਅੱਖਾਂ ਦੀਆਂ ਬੀਮਾਰੀਆਂ ਦੇ ਮਾਹਿਰ ਡਾ. ਆਕਰਸ਼ਨ ਮਹਿਤਾ ਵਲੋਂ 80 ਮਰੀਜ਼ਾਂ ਦੀ ਜਾਂਚ ਕੀਤੀ ਗਈ ਅਤੇ 20 ਵਿਅਕਤੀ ਲੈੱਨਜ਼ ਪਾਉਣ ਲਈ ਚੁਣੇ ਗਏ | ਜਿਨ੍ਹਾਂ ਦੇ ਆਪ੍ਰੇਸ਼ਨ ਜਵੰਦਾ ਪਰਿਵਾਰ ਵਲੋਂ ਲੁਧਿਆਣਾ ਸਥਿਤ ਹਸਪਤਾਲ ਵਿਚ ਮੁਫ਼ਤ ਕਰਵਾਏ ਜਾਣਗੇ | ਲੋੜਵੰਦ ਮਰੀਜ਼ਾਂ ਦੇ ਸ਼ੂਗਰ ਟੈਸਟ ਮੁਫ਼ਤ ਕੀਤੇ ਗਏ ਅਤੇ ਦਵਾਈਆਂ ਵੀ ਮੁਫ਼ਤ ਵੰਡੀਆਂ ਗਈਆਂ | ਡਾ. ਆਕਰਸ਼ਨ ਮਹਿਤਾ ਵਲੋਂ ਸ਼ੂਗਰ ਨਾਲ ਅੱਖਾਂ ਦੇ ਪਰਦੇ 'ਤੇ ਪੈਣ ਵਾਲੇ ਮਾੜੇ ਪ੍ਰਭਾਵ ਬਾਰੇ ਮਰੀਜ਼ਾਂ ਨੂੰ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ | ਉਨ੍ਹਾ ਕਿਹਾ ਕਿ ਸ਼ੂਗਰ ਅੱਖਾਂ 'ਤੇ ਕਾਫ਼ੀ ਮਾੜਾ ਪ੍ਰਭਾਵ ਪਾਉਂਦੀ ਹੈ, ਇਸ ਲਈ ਸ਼ੂਗਰ ਦੇ ਮਰੀਜ਼ਾਂ ਨੂੰ ਸਮੇਂ-ਸਮੇਂ 'ਤੇ ਆਪਣੀਆਂ ਅੱਖਾਂ ਦੀ ਜਾਂਚ ਕਰਵਾਉਂਦੇ ਰਹਿਣਾ ਚਾਹੀਦਾ ਹੈ | ਇਸ ਮੌਕੇ ਮੈਨੇਜਰ ਰਮੇਸ਼ ਕੁਮਾਰ, ਅਮਿਤ ਪਾਂਡੇ, ਕੁਲਦੀਪ ਸਿੰਘ, ਸਵਿਤਾ ਭਾਰਦਵਾਜ, ਹਰਪ੍ਰੀਤ ਸਿੰਘ, ਇਕਬਾਲ ਸਿੰਘ ਆਦਿ ਸਟਾਫ਼ ਮੈਂਬਰ ਹਾਜ਼ਰ ਸਨ |