ਹਠੂਰ, 25 ਦਸੰਬਰ (ਜਸਵਿੰਦਰ ਸਿੰਘ ਛਿੰਦਾ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਕਿਲ੍ਹਾ ਸ੍ਰੀ ਅਨੰਦਗੜ੍ਹ ਸਾਹਿਬ ਨੂੰ ਛੱਡਣ ਦੇ ਗੌਰਵਮਈ ਇਤਿਹਾਸਕ ਦਿਹਾੜੇ ਨੂੰ ਸਮਰਪਿਤ 31ਵਾਂ ਅਲੌਕਿਕ ਦਸਮੇਸ਼ ਪੈਦਲ ਮਾਰਚ ਬੀਤੀ ਰਾਤ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਚਮਕੌਰ ਸਾਹਿਬ ਵਿਸ਼ਰਾਮ ਕਰਨ ਉਪਰੰਤ ਅੱਜ ਇੱਥੋਂ ਇਹ ਪੈਦਲ ਮਾਰਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ, ਪੰਜ ਪਿਆਰਿਆਂ ਦੀ ਅਗਵਾਈ ਅਤੇ ਮੁੱਖ ਸੇਵਾਦਾਰ ਭਾਈ ਕੁਲਵੰਤ ਸਿੰਘ ਲੱਖਾ ਦੀ ਦੇਖ-ਰੇਖ ਗੁਰਦੁਆਰਾ ਸ੍ਰੀ ਝਾੜ ਸਾਹਿਬ ਲਈ ਰਵਾਨਾ ਹੋਇਆ | ਰਵਾਨਗੀ ਸਮੇਂ ਮੈਨੇਜਰ ਭਾਈ ਗੁਰਮੁਖ ਸਿੰਘ, ਮੁੱਖ ਗ੍ਰੰਥੀ ਭਾਈ ਜਸਵੀਰ ਸਿੰਘ ਨੇ ਪੰਜ ਪਿਆਰਿਆਂ, ਮੁੱਖ ਸੇਵਾਦਾਰ ਭਾਈ ਕੁਲਵੰਤ ਸਿੰਘ ਲੱਖਾ ਨੂੰ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ ਅਤੇ ਹਰ ਸਾਲ ਕੀਤੇ ਜਾਂਦੇ ਇਸ ਮਹਾਨ ਉਪਰਾਲੇ ਦੀ ਸ਼ਲਾਘਾ ਕੀਤੀ | ਉਨ੍ਹਾਂ ਨੇ ਇਸ ਮੌਕੇ ਦੱਸਿਆ ਕਿ ਇਹ ਪੈਦਲ ਮਾਰਚ ਇੱਥੋਂ ਰਵਾਨਾ ਹੋ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਮਾਰਗ 'ਤੇ ਚੱਲਦਾ ਵੱਖ-ਵੱਖ ਪਿੰਡਾਂ ਵਿਚਦੀ ਹੁੰਦਾ ਅੱਜ ਰਾਤ ਦਾ ਗੁਰਦੁਆਰਾ ਸ੍ਰੀ ਝਾੜ ਸਾਹਿਬ ਵਿਖੇ ਵਿਸ਼ਰਾਮ ਕਰੇਗਾ ਅਤੇ 26 ਦਸੰਬਰ ਨੂੰ ਉੱਥੋਂ ਸ੍ਰੀ ਮਾਛੀਵਾੜਾ ਸਾਹਿਬ ਲਈ ਰਵਾਨਾ ਹੋਵੇਗਾ | ਇਸ ਮੌਕੇ ਜਥੇਦਾਰ ਸੁਖਦੇਵ ਸਿੰਘ ਖਹਿਰਾ, ਭਾਈ ਰਵਿੰਦਰ ਸਿੰਘ ਜੰਡ ਸਾਹਿਬ, ਜਸਵੀਰ ਸਿੰਘ ਦੁੱਗਰੀ, ਸੈਕਟਰੀ ਗੁਰਮੀਤ ਸਿੰਘ ਲੱਖਾ, ਅਜੈਬ ਸਿੰਘ ਯੂ.ਪੀ. ਅਤੇ ਸਮੂਹ ਸੇਵਾਦਾਰ ਹਾਜ਼ਰ ਸਨ |