ਹੰਬੜਾਂ, 26 ਦਸੰਬਰ (ਮੇਜਰ ਹੰਬੜਾਂ)-ਲੁਧਿਆਣਾ ਜ਼ਿਲ੍ਹੇ ਦੇ ਪਿੰਡ ਵਲੀਪੁਰ ਖੁਰਦ ਵਿਖੇ ਸਤਲੁਜ ਦਰਿਆ ਵਿਚੋਂ ਕੱਕੇ ਰੇਤੇ ਦੀ ਧੜੱਲੇ ਨਾਲ ਚੱਲ ਰਹੀ ਨਾਜਾਇਜ਼ ਮਾਈਨਿੰਗ ਨੂੰ ਰੋਕਣ ਲਈ ਪਿਛਲੇ ਦਿਨਾਂ ਤੋਂ ਸਾਬਕਾ ਐੱਮ.ਪੀ ਅਮਰੀਕ ਸਿੰਘ ਆਲੀਵਾਲ ਦੀ ਅਗਵਾਈ ਹੇਠ ਕਿਸਾਨ ਯੂਨੀਅਨਾਂ ਸਮੇਤ ਇਲਾਕੇ ਦੇ ਲੋਕਾਂ ਵਲੋਂ ਭਾਵੇ ਸੰਘਰਸ਼ ਵਿੱਢਿਆ ਗਿਆ ਹੈ ਉੱਥੇ ਹੀ ਸਾਬਕਾ ਐੱਮ.ਪੀ. ਅਮਰੀਕ ਸਿੰਘ ਆਲੀਵਾਲ, ਸਾਬਕਾ ਸਰਪੰਚ ਗੁਰਬੰਤ ਸਿੰਘ ਬੌਬੀ ਕੋਟਲੀ, ਸਾਬਕਾ ਸਰਪੰਚ ਯਾਦਵਿੰਦਰ ਸਿੰਘ ਆਲੀਵਾਲ, ਸਾਬਕਾ ਸਰਪੰਚ ਠੇਕੇਦਾਰ ਹਰਮੋਹਣ ਸਿੰਘ, ਸਾਬਕਾ ਸਰਪੰਚ ਜਗੀਰ ਸਿੰਘ ਵਲੀਪੁਰ ਖੁਰਦ, ਕਾਮਰੇਡ ਬਲਰਾਜ ਸਿੰਘ ਕੋਟਉਮਰਾ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਬਲਾਕ ਪ੍ਰਧਾਨ ਬੇਅੰਤ ਸਿੰਘ ਬਾਣੀਏਵਾਲ, ਨੰਬਰਦਾਰ ਹਰਦੇਵ ਸਿੰਘ ਦੇਬੀ, ਜ਼ਿਲ੍ਹਾ ਮੀਤ ਪ੍ਰਧਾਨ ਹਾਕਮ ਸਿੰਘ ਭੱਟੀਆਂ, ਹਰਦੀਪ ਸਿੰਘ ਗਿੱਲ ਸਲੇਮਪੁਰ ਸਮੇਤ ਹੋਰ ਇਲਾਕੇ ਦੀਆਂ ਪੰਚਾਇਤਾਂ ਵਲੋਂ ਏ.ਡੀ.ਸੀ ਜਗਰਾਉ ਕੁਲਪ੍ਰੀਤ ਸਿੰਘ ਨੂੰ ਨਾਜਾਇਜ਼ ਮਾਈਨਿੰਗ ਵਿਰੁੱਧ ਮੰਗ ਪੱਤਰ ਦਿੱਤਾ ਗਿਆ ਤੇ ਉਕਤ ਖੱਡ ਨੂੰ ਬੰਦ ਕਰਵਾਏ ਜਾਣ ਦੀ ਮੰਗ ਕੀਤੀ | ਕਸਬਾ ਹੰਬੜਾਂ ਵਿਖੇ 'ਅਜੀਤ' ਨਾਲ ਗੱਲਬਾਤ ਕਰਦਿਆਂ ਭਾਜਪਾ ਦੇ ਸੀਨੀਅਰ ਆਗੂ ਸਾਬਕਾ ਐੱਮ.ਪੀ ਅਮਰੀਕ ਸਿੰਘ ਆਲੀਵਾਲ ਨੇ ਕਿਹਾ ਕਿ ਸਤਲੁਜ ਦਰਿਆ 'ਚ ਸਰਕਾਰ ਦੀ ਸ਼ਹਿ 'ਤੇ ਨਾਜਾਇਜ਼ ਤੌਰ 'ਤੇ ਪਿੰਡ ਵਲੀਪੁਰ ਖੁਰਦ, ਤਲਵੰਡੀ ਨੌ ਅਬਾਦ ਵਿਖੇ ਚੱਲ ਰਹੀ ਰੇਤੇ ਦੀ ਨਾਜਾਇਜ਼ ਮਾਈਨਿੰਗ ਨਾਲ ਹੜ੍ਹਾਂ ਵਰਗੇ ਹਲਾਤ ਪੈਦਾ ਹੋਣ ਦਾ ਡਰ ਹੈ | ਆਲੀਵਾਲ ਨੇ ਕਿਹਾ ਕਿ ਰੇਤ ਮਾਫੀਆ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਦੇ ਨਾਲੋਂ ਹੀ ਰੇਤਾ ਚੁੱਕ ਰਿਹਾ ਜਿਸ ਨਾਲ ਦਰਿਆ ਦੇ ਬੰਨ੍ਹ ਨੂੰ ਖਤਰਾ ਬਣ ਸਕਦਾ ਹੈ | ਆਲੀਵਾਲ ਨੇ ਦੱਸਿਆ ਕਿ ਸਾਨੂੰ ਏ.ਡੀ.ਸੀ. ਕੁਲਪ੍ਰੀਤ ਸਿੰਘ ਨੇ ਭਰੋਸਾ ਦਿੱਤਾ ਕਿ ਇਹ ਸਾਰਾ ਮਾਮਲਾ ਡਿਪਟੀ ਕਮਿਸ਼ਨਰ ਲੁਧਿਆਣਾ ਦੇ ਧਿਆਨ 'ਚ ਲਿਆ ਕੇ ਇਸ ਮਸਲੇ ਨੂੰ ਹੱਲ ਕਰਵਾਉਣਗੇ | ਇਸ ਸਮੇਂ ਵੱਡੀ ਗਿਣਤੀ 'ਚ ਵੱਖ-ਵੱਖ ਪਿੰਡਾਂ ਦੇ ਲੋਕ ਜਿੱਥੇ ਮੌਜੂਦ ਸਨ ਉੱਥੇ ਠੇਕੇਦਾਰ ਹਰਮੋਹਣ ਸਿੰਘ, ਗੁਰਬੰਤ ਸਿੰਘ ਬੌਬੀ ਕੋਟਲੀ, ਕਿਸਾਨ ਆਗੂ ਬੇਅੰਤ ਸਿੰਘ ਸੰਧੂ, ਪਟਵਾਰੀ ਜਗੀਰ ਸਿੰਘ ਨੇ ਪੱਕੇ ਤੌਰ 'ਤੇ ਰੇਤ ਮਾਫੀਏ ਵਿਰੁੱਧ ਡੱਟਣ ਦਾ ਹੋਕਾ ਦਿੱਤਾ |
ਸਾਬਕਾ ਐੱਮ.ਪੀ. ਆਲੀਵਾਲ ਨੇ ਵਲੀਪੁਰ ਖੁਰਦ 'ਚ ਨਾਜਾਇਜ਼ ਮਾਈਨਿੰਗ ਵਿਰੁੱਧ ਏ.ਡੀ.ਸੀ. ਨੂੰ ਮਿਲ ਕੇ ਜਤਾਇਆ ਰੋਸ
ਅਜੀਤ ਡੈਸਕ
27-12-2025