ਜਗਰਾਉਂ, 26 ਦਸੰਬਰ (ਵਿਨੋਦ ਕੁਮਾਰ)-ਸ਼ਿਵਾਲਿਕ ਮਾਡਲ ਸਕੂਲ ਵਿਖੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ | ਇਸ ਮੌਕੇ ਬੱਚੇ ਖ਼ਾਲਸਾਈ ਬਾਣੇ 'ਚ ਸਜ ਕੇ ਸਕੂਲ ਆਏ | ਨਰਸਰੀ ਦੇ ਬੱਚਿਆਂ ਨੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸਮਰਪਿਤ 'ਸਤਿਨਾਮ ਵਾਹਿਗੁਰੂ' ਦਾ ਜਾਪ ਕੀਤਾ | ਦੂਜੀ ਜਮਾਤ ਦੇ ਵਿਦਿਆਰਥੀਆਂ ਨੂੰ 'ਚਾਰ ਸਾਹਿਬਜ਼ਾਦੇ' ਫ਼ਿਲਮ ਦਿਖਾ ਕੇ ਮਹਾਨ ਇਤਿਹਾਸ ਤੋਂ ਜਾਣੂ ਕਰਵਾਇਆ ਗਿਆ | ਤੀਜੀ ਤੋਂ ਪੰਜਵੀਂ ਜਮਾਤ ਦੇ ਬੱਚਿਆਂ ਨੇ ਵੀ ਸ਼ਹੀਦੀ ਦਿਵਸ 'ਤੇ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਭੇਟ ਕੀਤੀ | ਛੇਵੀਂ ਜਮਾਤ ਦੀ ਵਰਿੰਦਰ ਕੌਰ ਨੇ ਸ਼ਹਾਦਤਾਂ ਸਬੰਧੀ ਇਕ ਕਵਿਤਾ ਪੇਸ਼ ਕੀਤੀ | ਅੱਠਵੀਂ ਜਮਾਤ ਦੀ ਗੁਰਨੂਰ ਕੌਰ ਅਤੇ ਰਵਨੀਤ ਕੌਰ ਨੇ ਆਪਣੇ ਭਾਸ਼ਣਾਂ ਰਾਹੀਂ ਗੁਰੂ ਜੀ ਅਤੇ ਉਨ੍ਹਾਂ ਦੇ ਸਪੁੱਤਰਾਂ ਦੀਆਂ ਕੁਰਬਾਨੀਆਂ 'ਤੇ ਚਾਨਣਾ ਪਾਇਆ | ਇਸ ਮੌਕੇ ਸਕੂਲ ਦੀ ਪਿ੍ੰਸੀਪਲ ਮੈਡਮ ਨੀਲਮ ਸ਼ਰਮਾ ਨੇ ਸ਼ਹਾਦਤਾਂ ਦੇ ਇਤਿਹਾਸ ਬਾਰੇ ਜਾਣੂ ਕਰਵਾਉਂਦਿਆਂ ਵਿਦਿਆਰਥੀਆਂ ਨੂੰ ਗੁਰੂ ਸਾਹਿਬਾਨਾਂ ਦੁਆਰਾ ਦਰਸਾਏ ਮਾਰਗ 'ਤੇ ਚੱਲਣ ਲਈ ਪ੍ਰੇਰਿਤ ਕੀਤਾ |