ਮੁੱਲਾਂਪੁਰ-ਦਾਖਾ, 26 ਦਸੰਬਰ (ਨਿਰਮਲ ਸਿੰਘ ਧਾਲੀਵਾਲ)-ਗੋਲਡਨ ਅਰਥ ਕਾਨਵੈਂਟ ਸਕੂਲ ਪੰਡੋਰੀ (ਮੁੱਲਾਂਪੁਰ) ਵਿਖੇ ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ ਅਤੇ ਮਾਤਾ ਗੁਜਰ ਕੌਰ ਜੀ, ਹੋਰ ਸਿੰਘਾਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸ੍ਰੀ ਸੁਖਮਨੀ ਸਾਹਿਬ ਦੇ ਜਾਪ ਉਪਰੰਤ ਵਿਦਿਆਰਥੀਆਂ ਦੇ ਕੀਰਤਨੀ ਜਥਿਆਂ ਵਲੋਂ ਸ਼ਬਦ ਕੀਰਤਨ ਕੀਤਾ ਗਿਆ | ਚਮਕੌਰ ਕੱਚੀ ਗੜ੍ਹੀ ਦੀ ਜੰਗ ਸਮੇਂ ਸ਼ਹਾਦਤ ਦਾ ਜਾਮ ਪੀਣ ਵਾਲੇ ਵੱਡੇ ਸਾਹਿਬਜ਼ਾਦੇ ਅਤੇ ਸਰਹਿੰਦ ਨੀਂਹਾਂ ਵਿਚ ਚਿਣ ਦਿੱਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਵਿਦਿਆਰਥੀਆਂ ਵਲੋਂ ਕਵਿਤਾ ਅਤੇ ਲੇਖ ਪੜ੍ਹੇ ਗਏ | ਸਕੂਲ ਦੇ ਵਿਦਿਆਰਥੀਆਂ ਵਲੋਂ ਗੱਤਕਾ ਦੇ ਜੌਹਰ ਵੀ ਵਿਖਾਏ ਗਏ | ਸਕੂਲ ਦੇ ਪ੍ਰਬੰਧਕੀ ਚੇਅਰਮੈਨ ਬਲਦੇਵ ਕਿ੍ਸ਼ਨ ਅਰੋੜਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਹੁੰਦਿਆਂ ਦੱਸਿਆ ਕਿ ਪੋਹ ਦਾ ਮਹੀਨਾ ਇਤਿਹਾਸ ਵਿਚ ਬੜਾ ਕੁਰਬਾਨੀਆਂ ਭਰਿਆ ਹੈ | ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਦਿ੍ੜ੍ਹਤਾ, ਸਬਰ ਤੇ ਸਿਦਕ ਭਰਪੂਰ ਅਦੁੱਤੀ ਜੀਵਨ ਵਿਲੱਖਣ ਹੈ, ਜਿੰਨ੍ਹਾਂ ਚਮਕੌਰ ਦੀ ਜੰਗ ਅੰਦਰ ਆਪਣੇ ਵੱਡੇ ਸਾਹਿਬਜਾਦਿਆਂ ਨੂੰ ਹੱਥੀਂ ਤਿਆਰ ਕਰ ਸ਼ਹਾਦਤ ਲਈ ਤੋਰਿਆ ਅਤੇ ਛੋਟੇ ਸਾਹਿਬਜ਼ਾਦਿਆਂ ਦੇ ਨਾਲ ਮਾਤਾ ਗੁਜਰ ਕੌਰ ਦੀ ਸ਼ਹਾਦਤ ਵਾਲੀ ਖ਼ਬਰ ਸੁਣ ਕੇ ਵੀ ਕੋਈ ਸ਼ਿਕਵਾ ਨਹੀਂ ਕੀਤਾ | ਇਸ ਸਮੇਂ ਵਾਈਸ ਚੇਅਰਮੈਨ ਗੁਲਸ਼ਨ ਰਾਏ ਲੂਥਰਾ, ਪ੍ਰਧਾਨ ਡਾ: ਮਨਿੰਦਰਪਾਲ ਅਰੋੜਾ, ਸਕੂਲ ਪਿ੍ੰਸੀਪਲ ਗੁਰਪ੍ਰੀਤ ਕੌਰ, ਸੁਪਰਵਾਈਜ਼ਰ ਹਰਪ੍ਰੀਤ ਕੌਰ, ਕੋਆਰਡੀਨੇਟਰ ਮਨਜੀਤ ਕੌਰ, ਹੋਰ ਮੌਜੂਦ ਸਨ |