ਜਗਰਾਉਂ, 29 ਦਸੰਬਰ (ਸ਼ਮਸ਼ੇਰ ਸਿੰਘ ਗਾਲਿਬ)-ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਇਕਾਈ ਬੱਸੂਵਾਲ ਵਲੋਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਪਿੰਡ ਬੱਸੂਵਾਲ ਘਰਾਂ 'ਚ ਲੱਗੇ ਚਿੱਪ ਵਾਲੇ ਮੀਟਰ ਉਤਾਰ ਕੇ ਰੂਮੀ ਪਾਵਰਕਾਮ ਦੇ ਦਫ਼ਤਰ ਵਾਪਸ ਕੀਤੇ | ਇਸ ਸਮੇਂ ਯੂਨੀਅਨ ਆਗੂ ਅਤੇ ਪਿੰਡ ਵਾਸੀਆਂ ਨੇ ਕਿਹਾ ਕਿ ਘਰਾਂ ਦੇ ਬਾਹਰ ਚਿੱਪ ਵਾਲੇ ਮੀਟਰ ਲਗਾਉਣ ਦਾ ਮਕਸਦ ਅਸਲ 'ਚ ਪਾਵਰਕਾਮ ਨੂੰ ਨਿੱਜੀ ਹੱਥਾਂ 'ਚ ਸੌਂਪਣਾ ਹੈ | ਉਨ੍ਹਾਂ ਕਿਹਾ ਕਿ ਇਨ੍ਹਾਂ ਮੀਟਰਾਂ ਰਾਹੀਂ ਬਿਜਲੀ ਦੀ ਵਰਤੋਂ ਲਈ ਐਡਵਾਂਸ ਪੇਮੈਂਟ ਦੇ ਕੇ ਸਿਮ ਕਾਰਡ ਖਰੀਦ ਕੇ ਸਮਾਰਟ ਮੀਟਰ 'ਚ ਪਾਉਣਾ ਹੋਵੇਗਾ | ਉਥੇ ਸਾਰੀਆਂ ਰਿਆਇਤਾਂ ਖ਼ਤਮ ਕਰ ਦਿੱਤੀਆਂ ਜਾਣਗੀਆਂ ਅਤੇ ਵੱਖ ਵੱਖ ਪ੍ਰਾਈਵੇਟ ਕੰਪਨੀਆਂ ਦੇ ਮਾਲਕ ਮਰਜ਼ੀ ਦੇ ਰੇਟਾਂ 'ਤੇ ਬਿਜਲੀ ਵੇਚਣਗੇ | ਇਸ ਸਮੇਂ ਖ਼ਪਤਕਾਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਗੁਰਤੇਜ ਸਿੰਘ ਅਖਾੜਾ ਨੇ ਕਿਹਾ ਕਿ ਇਸ ਨਾਲ ਪਾਵਰਕਾਮ ਦੇ ਮੁਲਾਜ਼ਮਾਂ ਦੀ ਨਵੀਂ ਪੱਕੀ ਭਰਤੀ ਖਤਮ ਕਰ ਦਿੱਤੀ ਜਾਵੇਗੀ, ਕਿਉਂਕਿ ਮਾਲ ਸ਼ਾਖਾ ਦਾ ਭੋਗ ਪੈ ਜਾਵੇਗਾ | ਉਨ੍ਹਾਂ ਦੱਸਿਆ ਕਿ ਅੱਜ ਬੱਸੂਵਾਲ ਦੇ ਨਾਲ ਅਖਾੜਾ ਪਿੰਡ 'ਚੋਂ ਵੀ ਹੋਰ ਰਹਿੰਦੇ ਮੀਟਰ ਉਤਾਰ ਕੇ ਰੂਮੀ ਪਾਵਰਕਾਮ ਦਫ਼ਤਰ ਵਿਖੇ ਜਮ੍ਹਾਂ ਕਰਵਾਕੇ ਰਸੀਦ ਹਾਸਲ ਕਰ ਲਈ ਗਈ | ਇਸ ਸਮੇਂ ਕਿਸਾਨ ਆਗੂ ਪਰਮਜੀਤ ਸਿੰਘ ਚੀਮਾ ਨੇ ਦੱਸਿਆ ਕਿ ਆਉਂਦੇ ਦਿਨਾਂ ਵਿਚ ਜ਼ਿਲੇ੍ਹ ਦੇ ਹੋਰਨਾਂ ਪਿੰਡਾਂ 'ਚ ਵੀ ਚਿੱਪ ਵਾਲੇ ਮੀਟਰ ਉਤਾਰ ਕੇ ਪਾਵਰਕਾਮ ਨੂੰ ਵਾਪਸ ਕਰਨ ਦੀ ਮੁਹਿੰਮ ਤੇਜ਼ ਕੀਤੀ ਜਾ ਰਹੀ ਹੈ | ਇਸ ਸਮੇਂ ਹਰਦੇਵ ਸਿੰਘ ਅਖਾੜਾ, ਆਤਮਾ ਸਿੰਘ ਭੰਮੀਪੁਰਾ, ਦਰਸ਼ਨ ਸਿੰਘ, ਗੁਰਪ੍ਰੀਤ ਸਿੰਘ ਬੱਸੂਵਾਲ ਆਦਿ ਹਾਜ਼ਰ ਸਨ | ਇਸੇ ਦੌਰਾਨ ਸਿੱਧਵਾਂ ਬੇਟ ਬਲਾਕ ਦੇ ਪਿੰਡਾਂ ਭਮਾਲ ਅਤੇ ਕੀੜੀ ਦੇ ਕਿਸਾਨਾਂ ਮਜ਼ਦੂਰਾਂ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਆਗੂਆਂ ਜਸਵਿੰਦਰ ਸਿੰਘ ਭਮਾਲ ਅਤੇ ਹਰਜਿੰਦਰ ਸਿੰਘ ਭਮਾਲ ਦੀ ਅਗਵਾਈ ਚ ਮੀਟਰ ਉਤਾਰ ਕੇ ਪਾਵਰਕੌਮ ਦੇ ਸਿੱਧਵਾਂ ਬੇਟ ਦਫ਼ਤਰ 'ਚ ਜਮ੍ਹਾਂ ਕਰਵਾ ਦਿੱਤੇ |