ਲੋਹਟਬੱਦੀ, 29 ਦਸੰਬਰ (ਕੁਲਵਿੰਦਰ ਸਿੰਘ ਡਾਂਗੋਂ)-ਸਰਦੀ ਦੇ ਮੌਸਮ 'ਚ ਜਿਆਦਾ ਸਰਦੀ, ਠੰਡੀਆਂ ਹਵਾਵਾਂ ਚੱਲਣ ਨਾਲ ਕਾਰਨ ਹੋਣ ਵਾਲੇ ਨੁਕਸਾਨ ਤੋਂ ਬਚਣ ਲਈ ਲੋਕਾਂ ਨੂੰ ਖੁਦ ਦੇ ਨਾਲ-ਨਾਲ ਆਪਣੇ ਪਾਲਤੂ ਪਸ਼ੂਆਂ, ਫ਼ਸਲਾਂ ਦੀ ਵੀ ਪੂਰਨ ਸੰਭਾਲ ਲਈ ਸੁਹਿਰਦ ਹੋਣਾ ਚਾਹੀਦਾ ਹੈ, ਜਿਸ ਦਾ ਸਿੱਧਾ ਪ੍ਰਭਾਵ ਮਨੁੱਖੀ ਸਿਹਤ ਅਤੇ ਆਰਥਿਕਤਾ 'ਤੇ ਪੈਂਦਾ ਹੋਵੇ | ਮੌਜੂਦਾ ਕੋਲਡ ਵੇਵ/ਠੰਡ ਨੂੰ ਘਰਾਂ ਅੰਦਰ ਪ੍ਰਵੇਸ਼ ਕਰਨ ਤੋਂ ਰੋਕਣ ਲਈ ਦਰਵਾਜ਼ੇ, ਖਿੜਕੀਆਂ ਚੰਗੀ ਤਰ੍ਹਾਂ ਬੰਦ ਰੱਖਣੀਆਂ ਚਾਹੀਦੀਆਂ ਹਨ | ਇਹ ਲੋਕ ਪੱਖੀ ਜਾਣਕਾਰੀ ਦਿੰਦਿਆਂ ਡਾ: ਰਮਨਦੀਪ ਕੌਰ ਸਿਵਲ ਸਰਜਨ ਲੁਧਿਆਣਾ ਨੇ ਦਿੱਤੀ | ਉਨ੍ਹਾਂ ਅੱਗੇ ਕਿਹਾ ਕਿ ਫਲੂ, ਨੱਕ ਦਾ ਵਗਣਾ ਜਾਂ ਹੋਰ ਕਿਸੇ ਵੀ ਬਿਮਾਰੀ ਤੋਂ ਪੀੜਤ ਵਿਅਕਤੀ ਨੂੰ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ ਅਤੇ ਜਿਆਦਾ ਸਮਾਂ ਘਰ ਅੰਦਰ ਰਹਿੰਦਿਆਂ ਹਵਾ ਦਾਖਲ ਨਾ ਹੋਣ ਵਾਲੇ ਨਾਇਲੋਨ ਅਤੇ ਕਾਟਨ ਦੇ ਕੱਪੜੇ ਪਾਏ ਜਾਣ ਤਾਂ ਕਿ ਸਰੀਰ ਦਾ ਤਾਪਮਾਨ ਸਥਾਈ ਰਹਿ ਸਕੇ | ਸਿਵਲ ਸਰਜਨ ਨੇ ਇਹ ਵੀ ਕਿਹਾ ਕਿ ਠੰਡ ਦੌਰਾਨ ਬਹੁਤ ਸਾਰੇ ਲੋਕ ਘੱਟ ਪਾਣੀ ਪੀਂਦੇ ਹਨ, ਜਿਸ ਦੇ ਨਤੀਜੇ ਵਜੋਂ ਸਰੀਰ ਅੰਦਰ ਪਾਣੀ ਦੀ ਘਾਟ ਕਾਰਨ ਪੀਲੀਆ, ਖੱਲੀਆਂ ਦਾ ਚੜ੍ਹਨਾ ਆਦਿ ਗੰਭੀਰ ਬਿਮਾਰੀਆਂ ਦਾ ਡਰ ਰਹਿੰਦਾ ਹੈ | ਥੋੜ੍ਹੇ-ਥੋੜ੍ਹੇ ਸਮੇਂ ਬਾਅਦ ਗਰਮ ਪਾਣੀ ਪੀਣਾ ਚਾਹੀਦਾ ਹੈ | ਦੂਜੇ ਪਾਸੇ ਡਾ: ਹਰਪ੍ਰੀਤ ਸਿੰਘ ਜ਼ਿਲ੍ਹਾ ਟੀਕਾਕਰਨ ਅਫਸਰ ਨੇ ਕਿਹਾ ਕਿ ਸਰਦੀ ਦੇ ਦੌਰ 'ਚ ਪੌਸ਼ਟਿਕ ਖਾਣਾ ਖਾਧਾ ਜਾਵੇ, ਫਲ ਤੇ ਸਬਜੀਆਂ ਦੀ ਵਰਤੋਂ ਰੋਜ਼ਾਨਾ ਕੀਤੀ ਜਾਵੇ, ਵਿਟਾਮਿਨ 'ਸੀ' ਲੈਣਾ ਜਰੂਰੀ ਹੈ ਜੋ ਕਿ ਸਾਡੇ ਸਰੀਰ ਦੀ ਅੰਦਰੂਨੀ ਤਾਕਤ ਵਧਾਉਂਦਾ ਹੈ | ਇਸ ਦੇ ਨਾਲ ਹੀ ਗਰਮ ਚੀਜ਼ਾਂ ਦਾ ਸੇਵਨ ਕਰਨ ਨਾਲ ਸਰੀਰ ਅੰਦਰ ਠੰਡ ਦਾ ਮੁਕਾਬਲਾ ਕਰਨ ਦੀ ਸ਼ਕਤੀ ਪੈਦਾ ਹੁੰਦੀ ਹੈ |