ਹੰਬੜਾਂ, 30 ਦਸੰਬਰ (ਮੇਜਰ ਹੰਬੜਾਂ)-ਕੇਂਦਰ ਸਰਕਾਰ ਵਲੋਂ ਲਿਆਦੀਆਂ ਜਾ ਰਹੀਆਂ ਲੋਕ ਮਾਰੂ ਨੀਤੀਆਂ ਤੋਂ ਹਰ ਵਰਗ ਦੁਖੀ ਦਿਖਾਈ ਦੇ ਰਿਹਾ ਹੈ, ਜਿਸ ਦੀ ਮਿਸਾਲ ਕੇਂਦਰ ਸਰਕਾਰ ਵਲੋਂ ਮਨਰੇਗਾ ਦਾ ਨਾਂਅ ਬਦਲਕੇ ਮਨਰੇਗਾ ਕਾਮਿਆਂ ਤੋਂ ਉਨ੍ਹਾਂ ਦਾ ਰੁਜ਼ਗਾਰ ਖੋਹੇ ਜਾਣ ਤੋਂ ਮਿਲਦੀ ਹੈ ਜੋ ਕਿ ਕੇਂਦਰ ਸਰਕਾਰ ਦਾ ਮੰਦਭਾਗਾ ਫ਼ੈਸਲਾ ਹੈ | ਇਹ ਪ੍ਰਗਟਾਵਾ ਕਾਂਗਰਸ ਦੇ ਸੂਬਾਈ ਆਗੂ ਪ੍ਰਧਾਨ ਮਨਜੀਤ ਸਿੰਘ ਹੰਬੜਾਂ ਨੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸੂਬਾ ਪ੍ਰਧਾਨ ਐੱਮ.ਪੀ. ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ਸੂਬੇ ਵਿਚ ਮਨਰੇਗਾ ਕਾਮਿਆ ਦੇ ਹੱਕ 'ਚ ਸੰਘਰਸ਼ ਵਿੱਢੇ ਜਾਣ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕੀਤਾ | ਪ੍ਰਧਾਨ ਹੰਬੜਾਂ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਅਤੇ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਲਿਆਂਦੀਆਂ ਜਾ ਰਹੀਆਂ ਨਵੀਆਂ ਪਾਲਿਸੀਆਂ ਨਾਲ ਲੱਗਦਾ ਹੈ ਕਿ ਇਹ ਦੋਵੇਂ ਪਾਰਟੀਆਂ ਲੋਕ ਵਿਰੋਧੀ ਹਨ | ਹੰਬੜਾਂ ਨੇ 'ਆਪ' ਸਰਕਾਰ ਵਲੋਂ ਲੁਧਿਆਣਾ ਜ਼ਿਲ੍ਹੇ ਦੇ 110 ਪਿੰਡਾਂ ਦੀਆਂ ਪੰਚਾਇਤਾਂ ਨੂੰ ਖ਼ਤਮ ਕਰਕੇ ਪਿੰਡਾਂ ਨੂੰ ਲੁਧਿਆਣਾ ਨਗਰ ਨਿਗਮ 'ਚ ਲਿਆਂਦੇ ਜਾਣ ਦੇ ਕੀਤੇ ਜਾ ਰਹੇ ਯਤਨਾਂ ਦੀ ਵੀ ਸਖ਼ਤ ਸ਼ਬਦਾਂ 'ਚ ਨਿੰਦਾ ਕੀਤੀ |