ਕਟਾਰੀਆ, 1 ਜੂਨ (ਪ੍ਰੇਮੀ ਸੰਧਵਾਂ) - ਸਾਬਕਾ ਪਹਿਲਵਾਨ ਜੱਗਾ ਮਾਂਗਟ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਨਸ਼ਿਆਂ ਦੀ ਦਾੜ੍ਹ ਥੱਲੇ ਆਏ ਪੰਜਾਬੀ ਗੱਭਰੂ ਪੁੱਤਾਂ 'ਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਨੌਜਵਾਨਾਂ ਦਾ ਨਸ਼ਿਆਂ ਦੀ ਕੁੜਿੱਕੀ 'ਚ ਫਸਣਾਂ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਹੈ | ਉਨ੍ਹਾਂ ਕਿਹਾ ਕਿ ਕਈ ਲੋਕ ਮੋਟੀ ਕਮਾਈ ਦੇ ਲਾਲਚ 'ਚ ਆ ਕੇ ਨੌਜਵਾਨਾਂ ਨੂੰ ਨਸ਼ਿਆਂ ਦੀ ਦਲ- ਦਲ 'ਚ ਧੱਕਣ ਤੋਂ ਗੁਰੇਜ਼ ਨਹੀਂ ਕਰਦੇ | ਪਰ ਪ੍ਰਮਾਤਮਾ ਗਵਾਹ ਹੈ ਕਿ ਉਨ੍ਹਾਂ ਦੇ ਬੱਚੇ ਵੀ ਕਿਸੇ ਨਾ ਕਿਸੇ ਦਿਨ ਨਸ਼ਿਆਂ ਦੀ ਜਕੜ 'ਚ ਆ ਸਕਦੇ ਹਨ | ਉਨ੍ਹਾਂ ਕਿਹਾ ਕਿ ਜਿਸ ਘਰ 'ਚ ਨਸ਼ੇ ਨੇ ਪ੍ਰਵੇਸ਼ ਕਰ ਲਿਆ ਉਹ ਘਰ ਆਖਰ ਉਜੜ ਹੀ ਗਿਆ | ਉਨ੍ਹਾਂ ਕਿਹਾ ਖੇਡਾਂ ਹੀ ਹਨ ਜੋ ਨੌਜਵਾਨਾਂ ਨੂੰ ਪੱਕੇ ਤੌਰ 'ਤੇ ਨਸ਼ਿਆਂ ਤੋਂ ਦੂਰ ਰੱਖ ਸਕਦੀਆਂ ਹਨ | ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਨਸ਼ੇ ਦੇ ਸੌਦਾਗਰਾਂ ਨੂੰ ਨੱਥ ਨਾ ਪਾਈ ਤਾਂ ਕਾਂਗਰਸ ਪਾਰਟੀ ਪੰਜਾਬ ਸਰਕਾਰ ਵਿਰੁੱਧ ਸੰਘਰਸ਼ ਕਰਨ ਤੋਂ ਗੁਰੇਜ਼ ਨਹੀਂ ਕਰੇਗੀ |