ਬੰਗਾ, 1 ਜੂਨ (ਕੁਲਦੀਪ ਸਿੰਘ ਪਾਬਲਾ, ਸੁਰਿੰਦਰ ਸਿੰਘ ਕਰਮ ਲਧਾਣਾ) - ਕਿਰਤੀ ਕਿਸਾਨ ਯੂਨੀਅਨ ਏਰੀਆ ਬੰਗਾ ਦੀ ਮੀਟਿੰਗ ਪਿੰਡ ਕੋਟ ਪੱਲੀਆਂ 'ਚ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਬੈਂਸ ਅਤੇ ਜ਼ਿਲ੍ਹਾ ਸਕੱਤਰ ਤਰਸੇਮ ਸਿੰਘ ਬੈਂਸ ਦੀ ਅਗਵਾਈ 'ਚ ਕੀਤੀ ਗਈ | ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਬੈਂਸ ਨੇ ਦੱਸਿਆ ਕਿ ਸੈਂਟਰ ਦੀ ਮੋਦੀ ਸਰਕਾਰ ਨੇ ਤਿੰਨ ਕਾਲੇ ਕਾਨੂੰਨ ਵਾਪਸ ਲੈਣ ਲਈ ਕਿਸਾਨਾਂ ਨੂੰ ਦਿੱਲੀ ਦੇ ਬਾਰਡਰਾਂ 'ਤੇ ਸਵਾ ਸਾਲ ਬੈਠਣ ਲਈ ਮਜਬੂਰ ਕੀਤਾ ਪਰ ਫਿਰ ਵੀ ਇਹ ਕਹਿ ਕੇ ਕਾਲੇ ਕਾਨੂੰਨ ਵਾਪਸ ਲਏ ਕਿ ਕਿਸਾਨ ਇਹ ਕਾਨੂੰਨ ਸਮਝ ਨਹੀਂ ਸਕੇ | ਇਸ ਲਈ ਸਾਡੀ ਤਪੱਸਿਆ ਵਿੱਚ ਕੋਈ ਕਮੀ ਰਹਿ ਗਈ ਹੈ | ਇਹ ਕਾਨੂੰਨ ਕਿਸਾਨਾਂ ਦੇ ਫਾਇਦੇ ਵਾਲੇ ਸਨ | ਕਿਸਾਨ ਯੂਨੀਅਨਾਂ ਦੇ ਏਕੇ ਨੇ ਇਹ ਕਾਲੇ ਕਾਨੂੰਨ ਵਾਪਸ ਕਰਵਾਏ ਅਤੇ ਮੋਦੀ ਨੂੰ ਮੂੰਹ ਦੀ ਖਾਣੀ ਪਈ | ਹੁਣ ਸੈਂਟਰ ਸਰਕਾਰ ਫੇਰ ਮੰਡੀਕਰਨ ਖਰੜੇ ਦੇ ਰੂਪ 'ਚ ਕਾਲੇ ਕਾਨੂੰਨ ਨਵੇਂ ਰੂਪ ਵਿੱਚ ਕਿਸਾਨਾਂ 'ਤੇ ਠੋਸ ਰਹੀ ਹੈ | ਇਸ ਲਈ ਕਿਸਾਨ ਯੂਨੀਅਨਾਂ ਨੂੰ ਮਜ਼ਬੂਤ ਕਰਨ ਦੀ ਲੋੜ ਹੈ | ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਤਰਸੇਮ ਸਿੰਘ ਬੈਂਸ ਨੇ ਕਿਰਤੀ ਕਿਸਾਨ ਯੂਨੀਅਨ ਏਰੀਆ ਬੰਗਾ ਦੀ ਪਿੱਛਲੇ ਦੋ ਸਾਲ ਦੀ ਕਾਰਗੁਜ਼ਾਰੀ ਦੀ ਰਿਪੋਰਟ ਪੇਸ਼ ਕੀਤੀ ਅਤੇ ਜੋ ਪਿੱਛਲੇ ਸਮੇਂ ਵਿੱਚ ਜਥੇਬੰਦਕ ਸਰਗਰਮੀਆਂ ਕੀਤੀਆਂ ਉਨ੍ਹਾਂ ਬਾਰੇ ਵਿਸਥਾਰ ਪੂਰਵਕ ਦੱਸਿਆ | ਇਸ ਨਾਲ ਜੋ ਘਾਟਾਂ ਰਹੀਆਂ, ਉਸ 'ਤੇ ਵਿਸਥਾਰ ਨਾਲ ਦੱਸਿਆ | ਜਸਵੀਰ ਸਿੰਘ ਮੰਗੂਵਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨਾਂ ਨੂੰ ਇੱਕ ਮਜ਼ਬੂਤ ਜਥੇਬੰਦੀ ਦੀ ਲੋੜ ਹੈ ਜੋ ਕਿਸਾਨਾਂ ਨੂੰ ਦਰਪੇਸ਼ ਆ ਰਹੀਆਂ ਸਮੱਸਿਆਵਾਂ ਨੂੰ ਹੱਲ ਕਰਨ ਵਿੱਚ ਸਹਾਈ ਹੋਵੇ | ਇਸ ਲਈ ਕਿਰਤੀ ਕਿਸਾਨ ਯੂਨੀਅਨ ਨੂੰ ਲਾਮਬੰਦ ਕਰਨਾ ਸਮੇਂ ਦੀ ਲੋੜ ਹੈ | ਮੀਟਿੰਗ ਵਿੱਚ ਸੋਹਣ ਸਿੰਘ ਅਟਵਾਲ ਜ਼ਿਲ੍ਹਾ ਕਮੇਟੀ ਮੈਂਬਰ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ | ਮੀਟਿੰਗ 'ਚ ਕਿਰਤੀ ਕਿਸਾਨ ਯੂਨੀਅਨ ਏਰੀਆ ਬੰਗਾ ਦੀ ਨਵੀਂ ਕਮੇਟੀ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ | ਇਸ ਕਮੇਟੀ 'ਚ ਗੁਰਦੇਵ ਸਿੰਘ ਚੌਹੜ ਪ੍ਰਧਾਨ, ਸੋਹਣ ਸਿੰਘ ਅਟਵਾਲ ਸਕੱਤਰ, ਬਲਜਿੰਦਰ ਸਿੰਘ ਮੂਸਾਪੁਰ ਵਿੱਤ ਸਕੱਤਰ, ਜਸਵੀਰ ਸਿੰਘ ਪ੍ਰੈੱਸ ਸਕੱਤਰ ਅਤੇ ਤਰਸੇਮ ਸਿੰਘ ਬੈਂਸ, ਦਿਲਬਾਗ ਸਿੰਘ ਕੋਟ ਪੱਤੀ, ਜਸਜਿੰਦਰ ਸਿੰਘ ਮਾਹਿਲ, ਨਿਰਮਲ ਸਿੰਘ ਮੱਲਪੁਰ ਅੜਕਾਂ, ਮਲਕੀਤ ਸਿੰਘ ਧੱਕ ਮੈਂਬਰ ਸਰਬਸੰਮਤੀ ਨਾਲ ਚੁਣੇ ਗਏ | ਅੰਤ 'ਚ ਤਰਸੇਮ ਸਿੰਘ ਬੈਂਸ ਜ਼ਿਲ੍ਹਾ ਸਕੱਤਰ ਨੇ ਮੀਟਿੰਗ 'ਚ ਹਾਜ਼ਰ ਹੋਏ ਮੈਂਬਰਾਂ ਦਾ ਧੰਨਵਾਦ ਕੀਤਾ | ਸਟੇਜ ਸਕੰਤਰ ਦੀ ਕਾਰਵਾਈ ਸੋਹਣ ਸਿੰਘ ਅਟਵਾਲ ਨੇ ਬਾਖੂਬੀ ਨਿਭਾਈ |