ਨਵਾਂਸ਼ਹਿਰ, 1 ਜੂਨ (ਜਸਬੀਰ ਸਿੰਘ ਨੂਰਪੁਰ)-ਕਿ੍ਸ਼ੀ ਵਿਗਿਆਨ ਕੇਂਦਰ ਲੰਗੜੋਆ ਸ਼ਹੀਦ ਭਗਤ ਸਿੰਘ ਨਗਰ ਵਿਖੇ 'ਡੇਅਰੀ ਫਾਰਮਿੰਗ' ਸੰਬੰਧੀ 15 ਦਿਨਾ ਕਿੱਤਾ-ਮੁਖੀ ਸਿਖਲਾਈ ਕੋਰਸ ਕਰਵਾਇਆ ਗਿਆ | ਇਸ ਸਿਖਲਾਈ ਦੌਰਾਨ ਪਸ਼ੂ ਪਾਲਣ ਦੇ ਵਿਸ਼ੇ 'ਤੇ ਡਾ. ਗੁਰਿੰਦਰ ਸਿੰਘ ਨੇ ਸਿੱਖਿਆਰਥੀਆਂ ਨੂੰ ਡੇਅਰੀ ਫਾਰਮਿੰਗ ਧੰਦੇ ਬਾਰੇ ਮੁੱਢਲੀ ਜਾਣਕਾਰੀ, ਦੁਧਾਰੂ ਪਸ਼ੂਆਂ ਦੀਆਂ ਨਸਲਾਂ, ਸ਼ੈਡਾਂ ਦੀ ਬਣਤਰ, ਡੇਅਰੀ ਫਾਰਮਿੰਗ ਦੀਆਂ ਅਲੱਗ-ਅਲੱਗ ਵਿਧੀਆਂ, ਖੁਰਾਕੀ ਪ੍ਰਬੰਧ, ਗਰਮੀਆਂ ਅਤੇ ਸਰਦੀਆਂ ਵਿੱਚ ਪਸ਼ੂਆਂ ਅਤੇ ਕੱਟੜੂਆਂ/ਵਛੜੂਆਂ ਦੀ ਦੇਖ-ਭਾਲ, ਪਸ਼ੂਆਂ ਦੀਆਂ ਪ੍ਰਮੁੱਖ ਬਿਮਾਰੀਆਂ ਦੀ ਰੋਕਥਾਮ ਅਤੇ ਇਲਾਜ ਦੇ ਨਾਲ-ਨਾਲ ਡੇਅਰੀ ਫਾਰਮਿੰਗ ਦੀ ਆਰਥਿਕਤਾ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ | ਡਾ. ਜਸਵਿੰਦਰ ਕੁਮਾਰ ਫ਼ਸਲ ਵਿਗਿਆਨ ਮਾਹਰ ਨੇ ਸਿੱਖਿਆਰਥੀਆਂ ਨੂੰ ਸਾਰਾ ਸਾਲ ਹਰਾ ਚਾਰਾ ਲੈਣ ਸਬੰਧੀ ਜਾਣਕਾਰੀ ਦਿੱਤੀ | ਇਸ ਸਿਖਲਾਈ ਦੌਰਾਨ ਡੇਅਰੀ ਵਿਕਾਸ ਵਿਭਾਗ ਤੋਂ ਪੁੱਜੇ ਰਾਮ ਸ਼ਰਣ ਡੇਅਰੀ ਇੰਸਪੈਕਟਰ ਨੇ ਸਿਖਿਆਰਥੀਆਂ ਨੂੰ ਸਰਕਾਰ ਅਤੇ ਵਿਭਾਗ ਵਲੋਂ ਚਲਾਈਆਂ ਜਾ ਰਹੀਆਂ ਪਸ਼ੂਆਂ ਦੇ ਬੀਮੇ ਅਤੇ ਕਰਜ਼ਾ ਵਿੱਤੀ ਯੋਜਨਾਵਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ | ਸਿਖਲਾਈ ਦੀ ਸਮਾਪਤੀ ਮੌਕੇ ਡਾ. ਪ੍ਰਦੀਪ ਕੁਮਾਰ, ਉੱਪ-ਨਿਰਦੇਸ਼ਕ (ਸਿਖਲਾਈ) ਨੇ ਸਿਖਿਆਰਥੀਆਂ ਨਾਲ ਡੇਅਰੀ ਫਾਰਮਿੰਗ ਦੀ ਸਫਲਤਾ ਸਬੰਧੀ ਕਈ ਨੁਕਤੇ ਸਾਂਝੇ ਕੀਤੇ | ਉਹਨਾ ਸਿਖਿਆਰਥੀਆਂ ਦੀ ਡੇਅਰੀ ਫਾਰਮਿੰਗ ਧੰਦੇ ਵਿੱਚ ਸਫਲਤਾ ਲਈ ਕਾਮਨਾ ਕੀਤੀ ਅਤੇ ਇਸ ਸਿਖਲਾਈ ਵਿੱਚ ਭਾਗ ਲੈਣ ਤੇ ਧੰਨਵਾਦ ਕੀਤਾ |