ਬੰਗਾ, 3 ਜੂਨ (ਕੁਲਦੀਪ ਸਿੰਘ ਪਾਬਲਾ, ਸੁਰਿੰਦਰ ਸਿੰਘ ਕਰਮ ਲਧਾਣਾ)-ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਲਿਵਰ ਦੀ ਜਾਂਚ ਦੇ ਵਿਸ਼ੇਸ਼ ਟੈਸਟ ਫਾਈਬਰੋ ਸਕੈਨ ਕਰਨ ਦਾ ਮੁਫ਼ਤ ਕੈਂਪ ਲਗਾਇਆ ਗਿਆ | ਜਿਸ ਦਾ 208 ਮਰੀਜ਼ਾਂ ਨੇ ਲਾਭ ਪ੍ਰਾਪਤ ਕੀਤਾ | ਇਸ ਕੈਂਪ ਬਾਰੇ ਹਸਪਤਾਲ ਪ੍ਰਬੰਧਕ ਟਰੱਸਟ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਕੁਲਵਿੰਦਰ ਸਿੰਘ ਢਾਹਾਂ ਨੇ ਦੱਸਿਆ ਇਲਾਕੇ ਦੇ ਲੋੜਵੰਦਾਂ ਦੀ ਮਦਦ ਕਰਨ ਲਈ ਹਸਪਤਾਲ ਦੇ ਮੈਡੀਕਲ ਮਾਹਿਰ ਡਾ. ਵਿਵੇਕ ਗੁੰਬਰ ਦੀ ਅਗਵਾਈ ਹੇਠ ਲਿਵਰ ਦੀ ਜਾਂਚ ਕਰਨ ਵਾਲਾ ਫਾਈਬਰੋ ਸਕੈਨ ਟੈਸਟ ਮੁਫ਼ਤ ਕਰਨ ਦਾ ਵਿਸ਼ੇਸ਼ ਕੈਂਪ ਲੱਗਾ ਹੈ | ਇਸ ਮੌਕੇ ਸ. ਢਾਹਾਂ ਨੇ ਲੋੜਵੰਦ ਮਰੀਜ਼ਾਂ ਨੂੰ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਮਿਲਦੀਆਂ ਰਿਆਇਤੀ ਮੈਡੀਕਲ ਸੇਵਾਵਾਂ ਦਾ ਵੱਧ ਤੋਂ ਵੱਧ ਲਾਭ ਪ੍ਰਾਪਤ ਕਰਨ ਦੀ ਵੀ ਅਪੀਲ ਕੀਤੀ | ਮੀਡੀਆ ਨਾਲ ਗੱਲਬਾਤ ਕਰਦੇ ਡਾ. ਵਿਵੇਕ ਗੁੰਬਰ ਨੇ ਦੱਸਿਆ ਕਿ ਇਸ ਫਾਈਬਰੋ ਸਕੈਨ ਕੈਂਪ ਦਾ ਲਾਭ ਫੈਟੀ ਲਿਵਰ, ਕਾਲਾ ਪੀਲੀਆ, ਸ਼ੂਗਰ, ਹਾਈ ਬਲੱਡ ਪ੍ਰੈਸ਼ਰ, ਮੋਟਾਪਾ, ਉੱਚ ਕੋਲੈਸਟਰੋਲ, ਸਿਗਰਟ ਅਤੇ ਸ਼ਰਾਬ ਪੀਣ ਵਾਲੇ ਮਰੀਜ਼ਾਂ ਨੂੰ ਪ੍ਰਾਪਤ ਹੋਵੇਗਾ | ਇਸ ਮੌਕੇ ਡਾ. ਜਸਦੀਪ ਸਿੰਘ ਸੈਣੀ ਮੈਡੀਕਲ ਸੁਪਰਡੈਂਟ, ਮਹਿੰਦਰਪਾਲ ਸਿੰਘ ਦਫ਼ਤਰ ਸੁਪਰਡੈਂਟ, ਦਵਿੰਦਰ ਕੌਰ ਨਰਸਿੰਗ ਸੁਪਰਡੈਂਟ, ਅਮਨ ਗਿੱਲ ਮੈਡੀਕੋ ਮਾਰਕੀਟ ਮੈਨੇਜਰ ਜੀਡਸ ਤੋਂ ਇਲਾਵਾ ਗੁਰੂ ਨਾਨਕ ਮਿਸ਼ਨ ਹਸਪਤਾਲ ਦਾ ਸਟਾਫ਼ ਵੀ ਹਾਜ਼ਰ ਸੀ |