ਰੱਤੇਵਾਲ, 3 ਜੂਨ (ਅਸ਼ੋਕ ਕੁਮਾਰ ਲੀਲ)-ਫਗਵਾੜਾ-ਰੋਪੜ ਨੈਸ਼ਨਲ ਹਾਈਵੇ 'ਤੇ ਪੈਂਦੇ ਪਿੰਡ ਭਰਥਲਾ ਨਜ਼ਦੀਕ ਇੱਕ ਕੈਂਟਰ ਪਲਟ ਗਿਆ | ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਟਾਟਾ ਕੈਂਟਰ ਗੱਡੀ ਜਿਸ ਨੂੰ ਪ੍ਰੇਮਪਾਲ ਪੁੱਤਰ ਬਾਬੂ ਰਾਮ ਵਾਸੀ ਡੇਰਾਬੱਸੀ ਚਲਾ ਰਿਹਾ ਸੀ, ਜੋ ਕਿ ਡੇਰਾਬੱਸੀ ਤੋਂ ਜਲੰਧਰ ਜਾ ਰਿਹਾ ਸੀ | ਜਦੋਂ ਪਿੰਡ ਭਰਥਲਾ ਕੋਲ ਪਹੁੰਚਿਆ ਤਾਂ ਅਚਾਨਕ ਕੈਂਟਰ ਦਾ ਟਾਇਰ ਫਟ ਗਿਆ | ਜਿਸ ਕਾਰਨ ਗੱਡੀ ਦਾ ਸੰਤੁਲਨ ਵਿਗੜ ਗਿਆ ਅਤੇ ਟਾਟਾ ਕੈਂਟਰ ਗੱਡੀ ਵਿਚਕਾਰ ਰੋਡ ਦੇ ਪਲਟ ਗਈ | ਹਾਦਸੇ 'ਚ ਕੋਈ ਵੀ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ | ਮੌਕੇ 'ਤੇ ਐੱਸ.ਐੱਸ.ਐੱਫ ਦੀ ਟੀਮ ਵੀ ਪਹੁੰਚ ਗਈ | ਜਿਨ੍ਹਾਂ ਨੇ ਰੋਡ ਨੂੰ ਕਲੀਅਰ ਕਰਵਾਇਆ ਤੇ ਟ੍ਰੈਫਿਕ ਨੂੰ ਨਿਰਵਿਘਨ ਚਾਲੂ ਕਰਵਾ ਦਿੱਤਾ | ਐਕਸੀਡੈਂਟ ਦੀ ਇਤਲਾਹ ਪੁਲਿਸ ਸਟੇਸ਼ਨ ਕਾਠਗੜ੍ਹ ਅਤੇ ਕੰਟਰੋਲ ਰੂਮ ਨੂੰ ਦੇ ਦਿੱਤੀ ਗਈ |