ਰੱਤੇਵਾਲ, 4 ਸਤੰਬਰ (ਅਸ਼ੋਕ ਕੁਮਾਰ ਲੀਲ)-ਰੋਪੜ-ਫਗਵਾੜਾ ਨੈਸ਼ਨਲ ਹਾਈਵੇ 'ਤੇ ਟੋਪਾਨ ਫ਼ੈਕਟਰੀ ਨਜ਼ਦੀਕ ਇਕ ਬੇਸਹਾਰਾ ਗਾਂ ਅੱਗੇ ਆਉਣ ਕਾਰਨ ਦੋ ਗੱਡੀਆਂ ਟਕਰਾ ਗਈਆਂ | ਆਏ ਦਿਨ ਇਸ ਰੋਡ 'ਤੇ ਲਗਪਗ ਰੋਜ਼ਾਨਾ ਹੀ ਬੇਸਹਾਰਾ ਪਸ਼ੂਆਂ ਦੇ ਟਕਰਾਉਣ ਨਾਲ ਕੋਈ ਨਾ ਕੋਈ ਹਾਦਸਾ ਜ਼ਰੂਰ ਹੁੰਦਾ ਹੈ | ਰੋਜ਼ਾਨਾ ਅਖ਼ਬਾਰਾਂ ਵਿਚ ਖ਼ਬਰਾਂ ਵੀ ਛਪਦੀਆਂ ਹਨ ਪਰ ਪ੍ਰਸ਼ਾਸਨ ਤੇ ਨੈਸ਼ਨਲ ਹਾਈਵੇ ਅਥਾਰਿਟੀ 'ਤੇ ਇਨ੍ਹਾਂ ਖ਼ਬਰਾਂ ਦਾ ਕੋਈ ਅਸਰ ਨਹੀਂ ਹੁੰਦਾ | ਬੀਤੀ ਰਾਤ ਤਕਰੀਬਨ ਸਮਾਂ 10 ਕੁ ਵਜੇ ਦੇ ਕਰੀਬ ਇਕ ਬੇਸਹਾਰਾ ਗਾਂ ਅੱਗੇ ਆਉਣ ਕਾਰਨ ਦੋ ਗੱਡੀਆਂ ਦੀ ਟੱਕਰ ਹੋ ਗਈ, ਜਿਸ ਨਾਲ ਦੋਨੋਂ ਗੱਡੀਆਂ ਬਹੁਤ ਬੁਰੀ ਤਰ੍ਹਾਂ ਨਾਲ ਨੁਕਸਾਨੀਆਂ ਗਈਆਂ | ਜਾਣਕਾਰੀ ਅਨੁਸਾਰ ਗੱਡੀ ਨੰਬਰ ਪੀ.ਬੀ 35 ਆਰ 9022 ਜਿਸ ਨੂੰ ਹਰਸਿਮਰਨਜੋਤ ਸਿੰਘ ਕਲੇਰ ਕਾਠਗੜ੍ਹ ਤੋਂ ਅਜੀਤ ਪੱਤਰਕਾਰ ਚਲਾ ਰਿਹਾ ਸੀ ਤੇ ਗੱਡੀ ਨੰਬਰ ਪੀ.ਬੀ 08 ਈ.ਆਰ 4445 ਜਿਸ ਨੂੰ ਅਮਿਤ ਵਾਸੀ ਜਲੰਧਰ ਚਲਾ ਰਿਹਾ ਸੀ | ਜਦੋਂ ਉਹ ਰੈਲ ਮਾਜਰਾ ਨਜ਼ਦੀਕ ਟੋਪਾਨ ਫ਼ੈਕਟਰੀ ਕੋਲ ਪਹੁੰਚੇ ਤਾਂ ਇਕ ਗਾਂ ਅੱਗੇ ਆਉਣ ਕਾਰਨ ਦੋਨੋਂ ਗੱਡੀਆਂ ਦਾ ਐਕਸੀਡੈਂਟ ਹੋ ਗਿਆ, ਜਿਸ ਵਿਚ ਹਰਸਿਮਰਨਜੋਤ ਸਿੰਘ ਪੱਤਰਕਾਰ ਅਜੀਤ ਅਖ਼ਬਾਰ ਜ਼ਖ਼ਮੀ ਹੋ ਗਿਆ | ਜਿਸ ਨੂੰ ਨਿੱਜੀ ਵਾਹਨ ਦੀ ਮਦਦ ਨਾਲ ਹਸਪਤਾਲ ਦਾਖਲ ਕਰਾਇਆ |