ਬੰਗਾ, 4 ਸਤੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਪੰਜਾਬ ਵਿਚ ਹੜ੍ਹਾਂ ਕਾਰਨ ਹੋਈ ਤਬਾਹੀ ਨੂੰ ਕੁਦਰਤੀ ਆਫ਼ਤ ਕਹਿ ਕੇ ਸਰਕਾਰਾਂ ਦਾ ਫਰਜ਼ ਪੂਰਾ ਨਹੀਂ ਹੁੰਦਾ | ਪੰਜਾਬ 'ਚ ਹੋਏ ਇਸ ਭਾਰੀ ਨੁਕਸਾਨ ਲਈ ਪਹਿਲੀਆਂ ਸਰਕਾਰਾਂ ਤੇ ਮੌਜੂਦਾ ਭਗਵੰਤ ਸਰਕਾਰ ਬਰਾਬਰ ਦੀਆਂ ਜ਼ਿੰਮੇਵਾਰ ਹਨ | ਸਰਕਾਰਾਂ ਹੜ੍ਹਾਂ ਦੀ ਮਾਰ ਨੂੰ ਰੋਕਣ ਲਈ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋਈਆਂ ਹਨ | ਇਹ ਦੋਸ਼ ਲਾਉਂਦਿਆਂ ਸੀ. ਪੀ. ਆਈ. ਐੱਮ ਪੰਜਾਬ ਦੇ ਸਕੱਤਰ ਕਾ: ਸੁਖਵਿੰਦਰ ਸਿੰਘ ਸੇਖੋਂ ਨੇ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਹੜ੍ਹਾਂ ਤੋਂ ਪੀੜਤ ਪਰਿਵਾਰਾਂ ਲਈ ਹਰ ਸੰਭਵ ਯਤਨ ਕਰਨ ਤਾਂ ਜੋ ਉਨ੍ਹਾਂ ਨੂੰ ਰਾਹਤ ਦਿੱਤੀ ਜਾ ਸਕੇ | ਕਾ: ਸੇਖੋਂ ਨੇ ਕਿਹਾ ਕਿ ਪੰਜਾਬ ਵਿਚ ਹੜ੍ਹਾਂ ਕਾਰਨ 3 ਲੱਖ ਏਕੜ ਤੋਂ ਵੱਧ ਫ਼ਸਲ ਤਬਾਹ ਹੋ ਗਈ ਹੈ, ਇਕ ਹਜ਼ਾਰ ਪਿੰਡਾਂ ਦੇ ਘਰਾਂ ਵਿਚ ਪਾਣੀ ਦਾਖ਼ਲ ਹੋਣ ਕਾਰਨ ਸਾਮਾਨ ਬਰਬਾਦ ਹੋ ਚੁੱਕਾ ਹੈ ਬਹੁਤ ਸਾਰੇ ਮਕਾਨ ਢਹਿ ਗਏ ਹਨ, ਮਨੁੱਖੀ ਜਾਨਾਂ ਗਈਆਂ ਹਨ, ਹਜ਼ਾਰਾਂ ਪਸ਼ੂ ਰੁੜ੍ਹ ਗਏ ਹਨ, ਪਰ ਪੰਜਾਬ ਸਰਕਾਰ ਕੁਦਰਤੀ ਆਫ਼ਤ ਕਹਿ ਕੇ ਆਪਣੀ ਬਣਦੀ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ | ਕਾ: ਸੇਖੋਂ ਨੇ ਕਿਹਾ ਕਿ ਪੰਜਾਬ ਸਰਕਾਰ ਕੁਦਰਤੀ ਆਫ਼ਤਾਂ ਲਈ ਰੱਖੇ ਰਿਜਰਵ ਦਸ ਹਜ਼ਾਰ ਕਰੋੜ ਰੁਪਏ ਨੂੰ ਸਮੇਂ ਸਿਰ ਹੜ੍ਹਾਂ ਦੀ ਰੋਕਥਾਮ ਲਈ ਵਰਤ ਦਿੰਦੀ ਤਾਂ ਸ਼ਾਇਦ ਪੰਜਾਬ ਦੇ ਇਹ ਹਾਲਾਤ ਨਾ ਹੁੰਦੇ |